ਸਰੀ, 22 ਜੂਨ (ਹਰਦਮ ਮਾਨ/(ਪੰਜਾਬ ਮੇਲ) – ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸੰਬੰਧ ਵਿਚ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਵੱਲੋਂ ਅੱਜ ਦਿੱਤੀ ਜਾਣਕਾਰੀ ਅਨੁਸਾਰ ਸਬੂਤ ਇਕੱਠੇ ਕਰਨ ਅਤੇ ਗਵਾਹਾਂ ਨਾਲ ਗੱਲ ਕਰਨ ਦੇ ਦੌਰਾਨ ਜਾਂਚ ਕਰ ਰਹੀ ਟੀਮ ਨੂੰ ਇਹ ਪਤਾ ਲੱਗਾ ਹੈ ਕਿ ਦੋ ਨਕਾਬਪੋਸ਼ ਸ਼ੱਕੀ ਵਿਅਕਤੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਗਰ ਕ੍ਰੀਕ ਪਾਰਕ ਰਾਹੀਂ 122 ਸਟਰੀਟ ‘ਤੇ ਦੱਖਣ ਵੱਲ ਭੱਜ ਗਏ ਸਨ।
ਮੰਨਿਆ ਜਾ ਰਿਹਾ ਹੈ ਕਿ 121 ਸਟਰੀਟ ਅਤੇ 68 ਐਵੇਨਿਊ ਦੇ ਖੇਤਰ ਵਿੱਚ ਇਕ ਵਹੀਕਲ ਉਨ੍ਹਾਂ ਸ਼ੱਕੀ ਵਿਅਕਤੀਆਂ ਦੀ ਉਡੀਕ ਕਰ ਰਿਹਾ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੱਤਿਆ ਤੋਂ ਇਕ ਘੰਟਾ ਪਹਿਲਾਂ ਸ਼ੱਕੀ ਵਿਅਕਤੀ ਅਤੇ ਉਹ ਵਹੀਕਲ ਵਾਰਦਾਤ ਵਾਲੇ ਖੇਤਰ ਵਿਚ ਸਨ।
ਜਾਂਚਕਰਤਾ ਟੀਮ ਅਜੇ ਵੀ ਉਹਨਾਂ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਹਨਾਂ ਨਾਲ ਗੱਲ ਕਰਨ ਲਈ ਕੰਮ ਕਰ ਰਹੀ ਹੈ ਜੋ ਐਤਵਾਰ, 18 ਜੂਨ ਦੀ ਸ਼ਾਮ ਨੂੰ ਗੁਰਦੁਆਰੇ ਵਿਚ ਜਾਂ ਉਸ ਖੇਤਰ ਵਿੱਚ ਸਨ ਅਤੇ ਖਾਸ ਕਰ ਕੇ ਜਿਨ੍ਹਾਂ ਦੇ ਵਹੀਕਲਾਂ ਵਿਚ ਆਨ-ਬੋਰਡ ਕੈਮਰੇ ਸਨ। ਪੁਲਿਸ ਦਾ ਕਹਿਣਾ ਹੈ ਕਿ ਟੈਸਲਾ ਵਰਗੀਆਂ ਕਾਰਾਂ ਵਿੱਚ ਸ਼ਾਨਦਾਰ ਕੈਮਰੇ ਹਨ ਜੋ ਆਲੇ ਦੁਆਲੇ ਦੇ ਖੇਤਰ ਵਿੱਚ ਹੋ ਰਹੀ ਜਿਲਜੁਲ ਨੂੰ ਰਿਕਾਰਡ ਕਰਨ ਦੇ ਸਮਰੱਥ ਹਨ, ਭਾਵੇਂ ਕਾਰ ਬੰਦ ਹੋਵੇ ਅਤੇ ਕੋਈ ਕਾਰ ਦੇ ਅੰਦਰ ਵੀ ਨਾ ਹੋਵੇ। ਆਈਹਿਟ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਕਿ ਨਾ ਸਿਰਫ ਇਹਨਾਂ ਵਹੀਕਲਾਂ ਵਿਚ ਸਵਾਰ ਵਿਅਕਤੀ ਸ. ਨਿੱਝਰ ਦੀ ਹੱਤਿਆ ਦੇ ਗਵਾਹ ਹੋ ਸਕਦੇ ਹਨ, ਬਲਕਿ ਕਿਸੇ ਵਹੀਕਲ ਦੇ ਕੈਮਰੇ ਵਿਚ ਨਾਜ਼ੁਕ ਸਬੂਤ ਦਰਜ ਕੀਤੇ ਹੋ ਸਕਦੇ ਹਨ ਜੋ ਪੁਲਿਸ ਦੀ ਜਾਂਚ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਤਲ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀਆਂ ਜੋ ਅਫਵਾਹਾਂ ਫੈਲ ਰਹੀਆਂ ਹਨ, ਉਹ ਸਹੀ ਨਹੀਂ ਹਨ ਅਤੇ ਅਜੇ ਤੱਕ ਇਸ ਸੰਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਜਾਂਚ ਟੀਮ ਵੱਲੋਂ ਡੈਸ਼-ਕੈਮਰੇ ਵਾਲੇ, ਵੀਡੀਓ ਵਾਲੇ ਉਨ੍ਹਾਂ ਵਿਅਕਤੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ, ਜੋ 18 ਜੂਨ ਨੂੰ ਸ਼ਾਮ 6 ਵਜੇ ਤੋਂ 8 ਵਜੇ ਦਰਮਿਆਨ 122 ਸਟਰੀਟ ਦੇ ਖੇਤਰ ਵਿੱਚ, ਗੁਰਦੁਆਰੇ ਦੀ ਪਾਰਕਿੰਗ ਵਿੱਚ ਜਾਂ 121 ਸਟਰੀਟ ਅਤੇ 68 ਐਵੇਨਿਊ ਦੇ ਖੇਤਰ ਵਿੱਚ ਸਨ। ਆਈਹਿਟ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਫੋਨ ਨੰਬਰ 1-877-551-IHIT (4448) ‘ਤੇ ਜਾਂ ihitinfo@rcmp-grc.gc.ca ‘ਤੇ ਈਮੇਲ ਰਾਹੀਂ ਸੰਪਰਕ ਕਰੇ।