ਕੈਲੀਫੋਰਨੀਆ, 20 ਨਵੰਬਰ (ਪੰਜਾਬ ਮੇਲ)- ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਗੌੜੇ ਭਰਾ ਅਨਮੋਲ ਬਿਸ਼ਨੋਈ ਨੂੰ ਅਧਿਕਾਰਤ ਤੌਰ ‘ਤੇ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਆਲਾ ਮਿਆਰੀ ਸੂਤਰਾਂ ਨੇ ਦਿੱਤੀ। ਹਾਲਾਂਕਿ, ਭਾਰਤ ਵੱਲੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਲੋੜੀਂਦੇ ਭਗੌੜੇ ਮੁਲਜ਼ਮ ਨੂੰ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਕਥਿਤ ਹੱਤਿਆ ਦੇ ਮਾਮਲੇ ਵਿਚ ਪਹਿਲਾਂ ਕੈਨੇਡਾ ਦੇ ਅਧਿਕਾਰੀਆਂ ਹਵਾਲੇ ਕੀਤਾ ਜਾ ਸਕਦਾ ਹੈ। ਭਾਰਤ ਨੂੰ ਕੈਨੇਡਾ ਤੋਂ ਬਾਅਦ ਬਿਸ਼ਨੋਈ ਦੀ ਹਿਰਾਸਤ ਮਿਲ ਸਕਦੀ ਹੈ। ਸੂਤਰਾਂ ਮੁਤਾਬਕ, ਇਸ ਵੇਲੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਅਨਮੋਲ ਬਿਸ਼ਨੋਈ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅਨਮੋਲ ਬਿਸ਼ਨੋਈ ਖ਼ਿਲਾਫ਼ ਦਸੰਬਰ 2022 ਵਿਚ ਇਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਅਨਮੋਲ ਬਿਸ਼ਨੋਈ ਨੂੰ ਪਿਛਲੇ ਹਫ਼ਤੇ ਕੈਲੀਫੋਰਨੀਆ ਵਿਚ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।