ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)-ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੈਸਕੋ ਫੋਰਮ ਵੱਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜਿਊਂਗੀ ਡੂ ਸ਼ਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਚ ਕਰਵਾਏ ਸਮਾਗਮ ਵਿਚ ਪੰਜਾਬ ਦਾ ਨਵਾਂ ਸਿੱਖਿਆ ਮਾਡਲ ਪੇਸ਼ ਕੀਤਾ। ਉਨ੍ਹਾਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਆਲਮੀ ਪੱਧਰ ‘ਤੇ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਹੱਲ ਸਿੱਖਿਆ ਦੇ ਖੇਤਰ ਵਿਚ ਨਿਵੇਕਲੀਆਂ ਤਬਦੀਲੀਆਂ ਨਾਲ ਹੀ ਕੱਢਿਆ ਜਾ ਸਕਦਾ ਹੈ। ਪੰਜਾਬ ਸਰਕਾਰ ਲਗਾਤਾਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਬੁਨਿਆਦੀ ਢਾਂਚਾ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਵਿਦਿਅਕ ਵਾਤਾਵਰਨ ਦੀ ਸਿਰਜਣਾ ਨੂੰ ਹੋਰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਵਿਚ ਹਜ਼ਾਰਾਂ ਨਵੇਂ ਕਲਾਸਰੂਮਾਂ ਦੀ ਉਸਾਰੀ, ਸਕੂਲ ਸੁਰੱਖਿਆ ਲਈ ਚਾਰਦੀਵਾਰੀ ਬਣਾਉਣਾ, ਵਿਦਿਆਰਥੀਆਂ ਨੂੰ ਬੱਸ ਸੇਵਾਵਾਂ ਪ੍ਰਦਾਨ ਕਰਨਾ, ਸਕੂਲਾਂ ਵਿਚ ਵਾਈ-ਫਾਈ ਲਗਾਉਣਾ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਸ਼ਾਮਲ ਹੈ। ਸ਼੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਪ੍ਰਮੁੱਖ ਆਲਮੀ ਸੰਸਥਾਵਾਂ ਵਿਚ ਭੇਜਦੇ ਹੋਏ ਵਿਸਥਾਰਤ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।