ਇਜ਼ਰਾਈਲੀ ਪ੍ਰਧਾਨ ਮੰਤਰੀ ਵੱਲੋਂ ਹਮਾਸ ਹਮਲੇ ਨੂੰ ਜੰਗ ਦੱਸਦਿਆਂ ਇਜ਼ਰਾਈਲ ‘ਚ ਰੈੱਡ ਅਲਰਟ ਜਾਰੀ
-ਇਜ਼ਰਾਈਲ ‘ਤੇ ਹਮਲੇ ਦੀ ਅਮਰੀਕਾ, ਫਰਾਂਸ, ਬ੍ਰਿਟੇਨ, ਭਾਰਤ ਸਮੇਤ ਹੋਰ ਵੱਡੇ ਦੇਸ਼ਾਂ ਵੱਲੋਂ ਨਿੰਦਾ
ਯੇਰੁਸ਼ਲਮ, 7 ਅਕਤੂਬਰ (ਪੰਜਾਬ ਮੇਲ)- ਫਿਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਦੇ ਬੰਦੂਕਧਾਰੀ ਲੜਾਕਿਆਂ ਦੁਆਰਾ ਘੱਟੋ-ਘੱਟ 5 ਹਜ਼ਾਰ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਈਲ ‘ਚ ਚਾਰੇ ਪਾਸੇ ਖੌਫ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਹਮਾਸ ਦੇ ਲੜਾਕਿਆਂ ਨੇ ਗਾਜ਼ਾ ਪੱਟੀ ਤੋਂ ਰਾਕੇਟ ਹਮਲੇ ਤੋਂ ਬਾਅਦ ਪੈਰਾਗਲਾਈਡਿੰਗ, ਸੜਕ ਮਾਰਗ ਅਤੇ ਹੋਰ ਰਸਤਿਆਂ ਰਾਹੀਂ ਇਜ਼ਰਾਈਲ ‘ਚ ਦਾਖਲ ਹੋ ਕੇ ਜੋ ਸਾਹਮਣੇ ਆਇਆ ਉਸਨੂੰ ਹੀ ਗੋਲੀ ਮਾਰ ਦਿੱਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਹਮਲੇ ਨੂੰ ਜੰਗ ਦੱਸਦੇ ਹੋਏ ਪੂਰੇ ਇਜ਼ਰਾਈਲ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਜ਼ਰਾਈਲ ‘ਤੇ ਹੋਏ ਇਸ ਅਚਾਨਕ ਹਮਲੇ ਨਾਲ ਦੁਨੀਆਂ ਵੀ ਹੈਰਾਨ ਹੈ ਅਤੇ ਕਈ ਦੇਸ਼ ਯੇਰੁਸ਼ਲਮ ਦੇ ਸਮਰਥਨ ‘ਚ ਉਤਰ ਆਏ ਹਨ।
ਅਮਰੀਕਾ, ਫਰਾਂਸ, ਬ੍ਰਿਟੇਨ, ਯੂਨਾਨ, ਯੂਕ੍ਰੇਨ, ਸਾਊਦੀ ਅਰਬ, ਜਰਮਨੀ ਅਤੇ ਭਾਰਤ ਨੇ ਇਜ਼ਰਾਈਲ ਦਾ ਸਾਥ ਦਿੰਦੇ ਹੋਏ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੈਵਰਲੀ ਨੇ ਕਿਹਾ ਕਿ ਬ੍ਰਿਟੇਨ ਸਾਫ ਤੌਰ ‘ਤੇ ਫਿਲਸਤੀਨੀ ਇਸਲਾਮੀ ਸਮੂਹ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦਾ ਹੈ। ਜੇਮਸ ਕਲੈਵਰਲੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ ਕਿ ਯੂ.ਕੇ. ਹਮੇਸ਼ਾ ਇਜ਼ਰਾਈਲ ਦੀ ਆਪਣੀ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰੇਗਾ। ਫਰਾਂਸੀਸੀ ਵਿਦੇਸ਼ ਮੰਤਰਾਲਾ ਨੇ ਵੀ ਇਜ਼ਰਾਈਲ ‘ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਫਰਾਂਸ ਇਜ਼ਰਾਈਲ ਅਤੇ ਇਨ੍ਹਾਂ ਹਮਲਿਆਂ ਦੇ ਪੀੜਤਾਂ ਦੇ ਨਾਲ ਆਪਣੀ ਪੂਰੀ ਇਕਜੁਟਤਾ ਜ਼ਾਹਰ ਕਰਦਾ ਹੈ। ਇਹ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਾਰਿਜ ਕਰਨ ਅਤੇ ਇਜ਼ਰਾਈਲ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਅਮਰੀਕੀ ਵਾਈਟ ਹਾਊਸ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡ੍ਰੀਐਨ ਵਾਟਸਨ ਨੇ ਕਿਹਾ ਕਿ ਵਾਸ਼ਿੰਗਟਨ ਹਮਲੇ ਦੀ ਨਿੰਦਾ ਕਰਦਾ ਹੈ ਅਤੇ ਸੋਗ ਜ਼ਾਹਰ ਕਰਦਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਕਿ ਅਮਰੀਕਾ ਸਪੱਸ਼ਟ ਰੂਪ ਨਾਲ ਇਜ਼ਰਾਈਲੀ ਨਾਗਰਿਕਾਂ ਵਿਰੁੱਧ ਹਮਾਸ ਦੇ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲਿਆਂ ਦੀ ਨਿੰਦਾ ਕਰਦਾ ਹੈ। ਅਸੀਂ ਇਜ਼ਰਾਈਲ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਇਜ਼ਰਾਈਲੀ ਲੋਕਾਂ ਪ੍ਰਤੀ ਸੋਗ ਪ੍ਰਗਟ ਕਰਦੇ ਹਾਂ।
ਸਾਊਦੀ ਅਰਬ ਨੇ ਹਮਾਸ ਅਤੇ ਇਜ਼ਰਾਈਲ ਨੂੰ ਇਸ ਹਮਲੇ ਨੂੰ ਲੈ ਕੇ ਤਣਾਅ ਰੋਕਣ ਲਈ ਕਿਹਾ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਉਹ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਾਊਦੀ ਮੰਤਰਾਲਾ ਨੇ ਕਬਜ਼ੇ ਬਾਰੇ ਵਾਰ-ਵਾਰ ਚੇਤਾਵਨੀਆਂ ਨੂੰ ਰੇਖਾਂਕਿਤ ਕੀਤਾ ਅਤੇ ਇਕ ਭਰੋਸੇਯੋਗ ਸ਼ਾਂਤੀ ਪ੍ਰਕਿਰਿਆ ਦੀ ਮੰਗ ਨੂੰ ਦੁਹਰਾਇਆ। ਜਰਮਨ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਿਰਦੋਸ਼ ਲੋਕਾਂ ਵਿਰੁੱਧ ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ਅਨਾਲੇਨਾ ਬੇਰਬੌਕ ਨੇ ਕਿਹਾ ਕਿ ਮੈਂ ਗਾਜ਼ਾ ਤੋਂ ਇਜ਼ਰਾਈਲ ਦੇ ਖਿਲਾਫ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦਾ ਹਾਂ। ਨਿਰਦੋਸ਼ ਨਾਗਰਿਕਾਂ ਦੇ ਖਿਲਾਫ ਹਿੰਸਾ ਅਤੇ ਰਾਕੇਟ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਅਸੀਂ ਇਜ਼ਰਾਈਲ ਦੇ ਨਾਲ ਪੂਰੀ ਇੱਕਜੁਟਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਅੱਤਵਾਦ ਦੇ ਖਿਲਾਫ ਆਪਣੀ ਰੱਖਿਆ ਕਰਨ ਦੇ ਉਸਦੇ ਅਧਿਕਾਰ ਦੇ ਨਾਲ ਖੜੇ ਹਾਂ।
ਯੂਕ੍ਰੇਨ ਨੇ ਵੀ ਇਜ਼ਰਾਈਲ ਨਾਲ ਇਕਮੁੱਠਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਯੇਰੂਸ਼ਲਮ ਅਤੇ ਤੇਲ ਅਵੀਵ ਵਿਚ ਨਾਗਰਿਕ ਆਬਾਦੀ ਦੇ ਖਿਲਾਫ ਰਾਕੇਟ ਹਮਲਿਆਂ ਸਮੇਤ ਇਜ਼ਰਾਈਲ ਦੇ ਖਿਲਾਫ ਚੱਲ ਰਹੇ ਕੱਟੜਪੰਥੀ ਹਮਲਿਆਂ ਦੀ ਸਖਤ ਨਿੰਦਾ ਕਰਦਾ ਹੈ। ਯੂਕ੍ਰੇਨ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਆਪਣੇ ਅਤੇ ਆਪਣੇ ਲੋਕਾਂ ਦੀ ਰੱਖਿਆ ਦੇ ਅਧਿਕਾਰ ਵਿਚ ਆਪਣਾ ਸਮਰਥਨ ਪ੍ਰਗਟ ਕਰਦੇ ਹਾਂ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਅੱਤਵਾਦੀਆਂ ਦੇ ਹਮਲੇ ਦੇ ਮੱਦੇਨਜ਼ਰ ਇਜ਼ਰਾਈਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ ‘ਤੇ ਹਮਾਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ। ਓਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਥਿਤੀ ਬਾਰੇ ਕਿਹਾ ਕਿ ਉਨ੍ਹਾਂ ਦਾ ਦੇਸ਼ ਜੰਗ ਵਿਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਜ਼ਰਾਈਲ ‘ਚ ਅੱਤਵਾਦੀ ਹਮਲਿਆਂ ਦੀ ਖਬਰ ਤੋਂ ਸਦਮੇ ‘ਚ ਹਾਂ। ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਔਖੇ ਸਮੇਂ ‘ਚ ਇਜ਼ਰਾਈਲ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ।