– ਹਥਿਆਰ ਖਰੀਦਣ ਵਾਲੇ ਵਿਅਕਤੀ ਦਾ ਪਿਛੋਕੜ ਜਾਂਚਣ ਬਾਰੇ ਹੋ ਰਿਹੈ ਵਿਚਾਰ
ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ‘ਚ ਹਥਿਆਰ ਖ਼ਰੀਦਣ ਲਈ ਵਿਅਕਤੀ ਦਾ ਪਿਛੋਕੜ ਜਾਂਚਣ ਬਾਰੇ ਹੁਕਮ ਜਾਰੀ ਕਰ ਸਕਦੇ ਹਨ। ਇਸ ਤਹਿਤ ਬੰਦੂਕ ਖ਼ਰੀਦਣ ਵਾਲੇ ਵਿਅਕਤੀ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਇਸ ਦਾ ਮੰਤਵ ਹਥਿਆਰ ਰੱਖਣ ਨੂੰ ਬਿਹਤਰ ਤੇ ਵੱਧ ਸੁਰੱਖਿਅਤ ਬਣਾਉਣਾ ਹੈ। ਹਥਿਆਰਾਂ ਨਾਲ ਹੁੰਦੀ ਹਿੰਸਾ ‘ਤੇ ਲਗਾਮ ਕੱਸਣ ਲਈ ਇਹ ਬਾਇਡਨ ਦਾ ਨਵਾਂ ਯਤਨ ਹੋਵੇਗਾ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ‘ਐਗਜ਼ੈਕਟਿਵ ਆਰਡਰ’ ਉਤੇ ਵਿਚਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜਨਵਰੀ ਵਿਚ ਇਕ ਬੰਦੂਕਧਾਰੀ ਨੇ ਲਾਸ ਏਂਜਲਸ ‘ਚ 20 ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ, ਜਿਨ੍ਹਾਂ ਵਿਚੋਂ 11 ਦੀ ਮੌਤ ਹੋ ਗਈ ਸੀ। ਬਾਇਡਨ ਲਗਾਤਾਰ ਬੰਦੂਕ ਹਿੰਸਾ ‘ਤੇ ਲਗਾਮ ਕੱਸਣ ਦੀ ਗੱਲ ਕਰਦੇ ਰਹੇ ਹਨ ਪਰ ਮੱਧਕਾਲੀ ਚੋਣਾਂ ਵਿਚ ਮਿਲੀ ਹਾਰ ਕਾਰਨ ਉਨ੍ਹਾਂ ਦੀਆਂ ਯੋਜਨਾਵਾਂ ਸਿਰੇ ਨਹੀਂ ਚੜ੍ਹ ਸਕੀਆਂ ਸਨ। ਪਰ 2024 ਦੀਆਂ ਚੋਣਾਂ ਨੇੜੇ ਆਉਣ ਕਾਰਨ ਉਹ ਮੁੜ ਤੋਂ ਕਾਨੂੰਨਾਂ ਵਿਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਲੀਫੋਰਨੀਆ ਵਿਚ ਦਿੱਤੇ ਇਕ ਭਾਸ਼ਣ ‘ਚ ਵੀ ਬਾਇਡਨ ਨੇ ‘ਅਸਾਲਟ ਹਥਿਆਰਾਂ’ ‘ਤੇ ਪਾਬੰਦੀ ਦਾ ਸੱਦਾ ਦਿੱਤਾ ਸੀ। ਦੱਸਣਯੋਗ ਹੈ ਕਿ ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।