ਹੁਣ ਹਰ ਸਾਲ ਹੋਵੇਗਾ ਇਹ ਸੈਮੀਨਾਰ : ਕੇ.ਕੇ. ਬਾਵਾ
ਲੁਧਿਆਣਾ, 14 ਜਨਵਰੀ (ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿਚ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਾਲਵਾ ਸੱਭਿਆਚਾਰਕ ਮੰਚ ਦੇ ਕਰਤਾ-ਧਰਤਾ ਅਤੇ ਕੇ.ਕੇ. ਬਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਅਮਰੀਕਾ ਤੋਂ ਗੁਰਜਤਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਹੋਰਨਾਂ ਸ਼ਖਸੀਅਤਾਂ ਵਿਚ ਜਸਬੀਰ ਸਿੰਘ ਰਾਣਾ ਝਾਂਡੇ, ਗੁਰਭਜਨ ਗਿੱਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਰਸ਼ਪਾਲ ਸਿੰਘ ਤਲਵਾੜਾ, ਦਰਸ਼ਨ ਸਿੰਘ ਸ਼ੰਕਰ, ਜਗਰੂਪ ਸਿੰਘ ਜਰਖੜ, ਸੁਖਵਿੰਦਰ ਸਿੰਘ ਬਸਹਿਮੀ, ਇੰਦਰਜੀਤ ਕੌਰ ਓਬਰਾਏ, ਨਿੱਕੀ ਕੋਹਲੀ, ਰੇਸ਼ਮ ਸੱਗੂ, ਨਰਿੰਦਰ ਮਹਿੰਦਰੂ ਗੌਰਵ, ਸ਼ਾਲਿਨੀ, ਸਿਮੀ ਕਵਾਤਰਾ, ਸੋਨੀਆ ਅਲੱਗ, ਲਖਵਿੰਦਰ ਸਿੰਘ, ਅਰਜਨ ਬਾਵਾ, ਦਿਲਜੀਤ ਸਿੰਘ ਭੱਠਲ ਅਤੇ ਹਰਬਰਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ।
ਇਸ ਮੌਕੇ ਮੰਚ ਦੇ ਚੇਅਰਮੈਨ ਕੇ.ਕੇ. ਬਾਵਾ ਨੇ ਬੋਲਦਿਆਂ ਕਿਹਾ ਕਿ ਸ. ਜਗਦੇਵ ਸਿੰਘ ਜੱਸੋਵਾਲ ਇਕ ਅਜਿਹੀ ਸ਼ਖਸੀਅਤ ਸਨ, ਜਿਹੜੇ ਕਿ ਪੰਜਾਬ ਵਿਚ ਸੱਭਿਆਚਾਰ ਨੂੰ ਫੈਲਾਉਣ ਵਿਚ ਵੱਡਾ ਮਾਅਰਕਾ ਮਾਰ ਗਏ। ਉਨ੍ਹਾਂ ਦੀ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਸੈਮੀਨਾਰ ਹੁਣ ਹਰ ਸਾਲ ਕਰਵਾਇਆ ਜਾਵੇਗਾ। ਪ੍ਰੋ. ਗੁਰਭਜਨ ਗਿੱਲ ਨੇ ਬੋਲਦਿਆਂ ਕਿਹਾ ਕਿ ਸ. ਜਗੇਦਵ ਸਿੰਘ ਜੱਸੋਵਾਲ ਸਿਰਫ ਸਿਆਸਤਦਾਨ ਹੀ ਨਹੀਂ ਸਨ, ਸਗੋਂ ਉਹ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਸਨ। ਉਨ੍ਹਾਂ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਲਾਉਣਾ ਸਮੂਹ ਪੰਜਾਬੀਆਂ ਲਈ ਇਕ ਮਿਸਾਲ ਪੈਦਾ ਕਰ ਗਿਆ।
ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ. ਜੱਸੋਵਾਲ ਸੱਭਿਆਚਾਰ ਦੇ ਥੰਮ੍ਹ ਸਨ। ਪੰਜਾਬੀ ਸੱਭਿਆਚਾਰ ਨੂੰ ਮੁੜ ਪ੍ਰਫੁਲਿਤ ਕਰਨ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਸਾਨੂੰ ਕਦੇ ਵੀ ਭੁੱਲ ਨਹੀਂ ਸਕਦਾ। ਸ. ਰੰਧਾਵਾ ਨੇ ਸੁਝਾਅ ਦਿੱਤਾ ਕਿ ਜਗਦੇਵ ਸਿੰਘ ਜੱਸੋਵਾਲ ਨੇ ਤਕਰੀਬਨ ਪੰਜਾਬ ਦੇ ਹਰ ਪਿੰਡ ਵਿਚ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਕੀਤਾ ਸੀ। ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਵੀ ਇਕ ਸਾਲਾਨਾ ਮੇਲਾ ਸ਼ੁਰੂ ਕੀਤਾ ਜਾਵੇ, ਤਾਂ ਕਿ ਅਸੀਂ ਉਨ੍ਹਾਂ ਦੀ ਯਾਦ ਨੂੰ ਜੀਵਤ ਰੱਖ ਸਕੀਏ।
ਇਸ ਦੌਰਾਨ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਗਦੇਵ ਸਿੰਘ ਜੱਸੋਵਾਲ ਸਾਡੇ ਸਭ ਲਈ ਰਾਹ ਦਸੇਰਾ ਅਤੇ ਸੰਕਟਮੋਚਨ ਸਨ। ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਕਾਰਨ ਹੀ ਬਹੁਤ ਸਾਰੇ ਕਲਾਕਾਰ, ਸਾਹਿਤਕਾਰ, ਪੱਤਰਕਾਰ ਆਪੋ-ਆਪਣੇ ਖੇਤਰ ‘ਚ ਪ੍ਰਸਿੱਧੀ ਪ੍ਰਾਪਤ ਕਰਦੇ ਰਹੇ ਹਨ।
ਇਸ ਦੌਰਾਨ ਸ. ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ, ਡਾ. ਸਤੀਸ਼ ਕੁਮਾਰ ਸ਼ਰਮਾ, ਡਾ. ਗੁਰਇਕਬਾਲ ਸਿੰਘ, ਸਤਬੀਰ ਸਿੰਘ ਸਿੱਧੂ, ਤਰਲੋਚਨ ਲੋਚੀ, ਡਾ. ਗੁਲਜ਼ਾਰ ਪੰਧੇਰ, ਅਮਰਜੀਤ ਸ਼ੇਰਪੁਰੀ, ਰਵਿੰਦਰ ਸਿਆਨ, ਡਾ. ਜਗਤਾਰ ਸਿੰਘ ਨੇ ਵੀ ਸ. ਜੱਸੋਵਾਲ ਨਾਲ ਬਿਤਾਏ ਪਲਾਂ ਨੂੰ ਸਾਂਝੇ ਕੀਤਾ।
ਸ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿਚ ਲੁਧਿਆਣਾ ‘ਚ ਹੋਇਆ ਸੈਮੀਨਾਰ
