#OTHERS

ਸੰਤ ਭਿੰਡਰਾਂਵਾਲੇ ਦੇ ਭਤੀਜੇ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਦਿਲ ਦੇ ਦੌਰਾ ਪੈਣ ਕਾਰਨ ਮੌਤ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਮੇਲ)- ਖਾਲਿਸਤਾਨ ਪੱਖੀ ਆਗੂ 72 ਸਾਲਾ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਭਰਾ ਅਤੇ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਭਤੀਜਾ ਸੀ। ਇਸ ਦੀ ਪੁਸ਼ਟੀ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਕੀਤੀ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਪੋਸਟ ਵੀ ਸਾਂਝੀ ਕੀਤੀ ਹੈ। ਲਖਬੀਰ ਸਿੰਘ ਰੋਡੇ ਇਸ ਵੇਲੇ ਪਾਕਿਸਤਾਨ ਵਿਚ ਸੀ ਅਤੇ 2 ਦਸੰਬਰ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਦੇਹ ਦਾ ਸਸਕਾਰ ਵੀ ਉੱਥੇ ਹੀ ਕਰ ਦਿੱਤਾ ਗਿਆ ਹੈ। ਉਸ ਦੀ ਪਤਨੀ ਅਤੇ ਬੱਚੇ ਵੀ ਵਿਦੇਸ਼ ਵਿਚ ਹਨ। ਲਖਬੀਰ ਸਿੰਘ ਰੋਡੇ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਦਾ ਸੀ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਸੀ। ਉਸਨੂੰ ਕਨਿਸ਼ਕ ਬੰਬ ਕਾਂਡ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਸ਼ੁਰੂ ਵਿਚ ਦੁਬਈ ਗਿਆ ਸੀ ਅਤੇ ਉਥੋਂ ਪਾਕਿਸਤਾਨ ਚਲਾ ਗਿਆ, ਜਦੋਂਕਿ ਉਸ ਦਾ ਪਰਿਵਾਰ ਕੈਨੇਡਾ ਵਿਚ ਹੈ। ਸਾਲ 2002 ਵਿਚ ਭਾਰਤ ਵੱਲੋਂ ਪਾਕਿਸਤਾਨ ਨੂੰ ਲੋੜੀਂਦੇ ਵਿਅਕਤੀਆਂ ਦੀ ਦਿੱਤੀ ਗਈ ਸੂਚੀ ਵਿਚ ਉਸ ਦਾ ਨਾਂ ਵੀ ਸ਼ਾਮਲ ਸੀ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਸ਼ੂਗਰ ਤੇ ਦਿਲ ਦੇ ਰੋਗ ਤੋਂ ਪੀੜਤ ਸੀ। ਉਸ ਦੀ ਬਾਈਪਾਸ ਸਰਜਰੀ ਵੀ ਹੋਈ ਸੀ ।