ਜਨੇਵਾ, 11 ਜੂਨ (ਪੰਜਾਬ ਮੇਲ)- ਉਤਰੀ ਅਮਰੀਕਾ ਦਾ ਚਰਚਿਤ ਹਫਤਾਬਾਰੀ ਪੰਜਾਬੀ ਅਖਬਾਰ, ‘ਇੰਡੋ ਕਨੈਡੀਅਨ ਟਾਈਮਜ’, ‘ਵੀਕਲੀ ਦੇਸ ਪ੍ਰਦੇਸ’ ਸਰੀ-ਬੀ.ਸੀ., ਪੰਜਾਬ ਮੇਲ ਯੂ.ਐੱਸ.ਏ. ਸੈਕਰਾਮੈਂਟੋ (ਕੈਲੀਫੋਰਨੀਆ), ਮਹਿਰਮ ਨਾਭਾ-ਫੰਜਾਬ ਦੇ ਖੇਡ ਪੱਤਰਕਾਰ ਤੇ ਦੁਨੀਆਂ ਵਿਚ ਖੇਡਾਂ ਦੇ ਤਿਮਾਹੀ ਰੰਗਦਾਰ ਖੇਡ ਮੈਗਜ਼ੀਨ ‘ਖੇਡ ਸੰਸਾਰ’ ਦੇ ਖੇਡ ਫੋਟੋ ਪੱਤਰਕਾਰ ਤੇ ਸੰਪਾਦਕ, ਸੰਤੋਖ ਸਿੰਘ ਮੰਡੇਰ ਦਾ ਅੰਤਰਰਾਸ਼ਟਰੀ ਪ੍ਰੈੱਸ ਸਪੋਰਟਸ ਐਸੋਸੀਏਸ਼ਨ (ਏ.ਆਈ.ਪੀ.ਐੱਸ.) ਜਨੇਵਾ-ਸਵਿੱਟਜ਼ਰਲੈਂਡ (ਯੂਰਪ) ਵਲੋਂ ਉਨ੍ਹਾਂ ਨੂੰ 33ਵੀਆਂ ਪੈਰਿਸ ਉਲੰਪਿਕ ਗੇਮਜ਼-ਫਰਾਂਸ ਦੀ ਪੰਜਾਬੀ ਵਿਚ ਕਵਰੇਜ਼ (ਲੇਖ) ‘ਅੱਖੀ ਡਿੱਠਾ ਪੈਰਿਸ ਤੇ 33ਵੀਆਂ ਉਲੰਪਿਕ ਗੇਮਜ਼’ ਲਈ ਮਾਣ ਪੱਤਰ ਦਿਤਾ ਗਿਆ ਹੈ। ਇਸ ‘ਏ.ਆਈ.ਪੀ.ਐੱਸ.’ ਮਾਣ ਪੱਤਰ ਨਾਲ ਮੰਡੇਰ ਸੰਸਾਰ ਭਰ ਦੇ ਪੰਜਾਬੀ ਮੀਡੀਆ ਵਿਚ ਪਹਿਲਾ ਉਲੰਪੀਅਨ ਪੰਜਾਬੀ ਖੇਡ ਪੱਤਰਕਾਰ ਬਣ ਗਿਆ ਹੈ।
ਇੰਟਰਨੈਸ਼ਨਲ ਸਪੋਰਟਸ ਪ੍ਰੈੱਸ ਐਸੋਸੀਏਸ਼ਨ ਜੋ 1924 ‘ਚ ਹੋਂਦ ਵਿਚ ਆਈ ਸੀ, ਦੀਆਂ ਸੰਸਾਰ ਭਰ ਦੀਆਂ ਵੱਖੋ-ਵੱਖ ਕੌਮੀ ਜ਼ੁਬਾਨਾਂ ਵਿਚ 160 ਕੌਮੀ ਸੰਸਥਾਵਾਂ ਹਨ। ਇਸ ਦੇ ਪ੍ਰਧਾਨ ਈਟਾਲੀਅਨ ਮੂਲ ਦੇ ਗਿਆਨਨੀ ਮੈਰਲੋ ਹਨ। ਏ.ਆਈ.ਪੀ.ਐੱਸ., ਫਰੈਂਚ ਭਾਸ਼ਾ ਦੇ ਨਾਮ ‘ਐਸੋਸੀਏਸ਼ਨ ਇੰਟਰਨੈਸਲੇ ਡੀ ਲਾ ਪਰੈਸਈ ਸਪੋਰਟਿਵ’ ਦਾ ਛੋਟਾ ਨਾਮ ਹੈ। ਇਸ ਏ.ਆਈ.ਪੀ.ਐੱਸ. ਦੇ ਵਕਾਰੀ ਸਪੋਰਟਸ ਮੀਡੀਆ ਐਵਾਰਡਜ਼ ਦੀਆਂ 8 ਕੈਟਾਗਰੀਆਂ (ਵਰਗ) ਹਨ, ਜਿਵੇਂ ਕਿ: ਨੰ: (1) ਫੋਟੋਗ੍ਰਾਫੀ ਵਿਚ-2, ਨੰ: (2) ਲਿਖਣ ਵਿਚ-2, ਨੰ: (3) ਕੌਲਮ : (4) ਰੰਗਦਾਰ ਫੋਟੋ-1, ਨੰ: (5) ਆਡੀਉ-1, ਨੰ: (6) ਸ਼ੌਰਟ ਫੀਚਰ-1, ਨੰ: (7) ਐਥਲੀਟ ਪ੍ਰੋਫਾਈਲ-1, ਨੰ: (8) ਡਾਕੂਮੈਟਰੀ-1 ਸ਼ਾਮਲ ਹਨ। ਸਾਰੇ ਭੇਜੇ ਹੋਏ ਦਸਤਾਵੇਜ਼ਾਂ ਦਾ ਏ.ਆਈ.ਪੀ.ਐੱਸ. ਦੇ ਅਤੀ ਭਰੋਸੇਯੋਗ ਤੇ ਸਤਿਕਾਰਤ ਮੈਂਬਰ (ਮੈਨਟਰਜ਼) ਛਾਂਟੀ ਕਰਕੇ ਇਕ ਤਜ਼ਰਬੇਕਾਰ ਮਾਹਿਰਾਂ ਦੀ ਟੀਮ ਨੂੰ ਸੌਂਪ ਦਿੰਦੇ ਹਨ, ਜੋ ਫਿਰ ਅੱਗੋਂ ਇਹ ਦਸਤਾਵੇਜ਼ ਛੱਟੇ (ਕਾਬਿਲ) ਹੋਏ ਮਾਹਿਰਾਂ ਵਲੋ ਬੜੀ ਸਿਆਣਪ ਤੇ ਨੀਝ ਨਾਲ ਘੋਖ ਪੜਤਾਲ ਕੀਤੇ ਜਾਂਦੇ ਹਨ। ਇਸ ਤੋਂ ਅਗਲਾ ਕਦਮ 24 ਮੈਂਬਰੀ ਐਗਜ਼ੈਕਟਿਵ ਕਮੇਟੀ ਦਾ ਹੈ, ਜੋ ਕੈਂਡੀਡੇਟਾਂ (ਬਿਨੈਕਾਰਾਂ) ਦੀ ਲਿਸਟ ਨੂੰ ਚੰਗੀ ਤਰ੍ਹਾਂ ‘ਕੱਪੜ ਛਾਣ’ ਕਰਕੇ ਹੋਰ ਛੋਟੀ ਕਰ ਦਿੰਦੇ ਹਨ। ਸਾਰਿਆਂ ਨਾਲੋਂ ਸਿਰੇ ਦੀ ਫਾਈਲ ਤੇ ਸਭ ਤੋਂ ਵਧ ਵੋਟਾਂ ਪ੍ਰਾਪਤ ਕਰਨ ਵਾਲੇ ਬਿਨੈਕਾਰ ਦਾ ਕੰਮ ਅਗਲੇ ਦੌਰ ਵਿਚ ਸ਼ਾਮਲ ਹੋ ਜਾਂਦਾ ਹੈ। 12 ਮੈਬਰਾਂ ਦੀ ‘ਜਿਊਰੀ’ ਵਾਲੀ ਟੀਮ ਫਿਰ ਇਸ ਕੰਮ ਦੀ ਬਾਰੀਕੀ ਨਾਲ ਪੜਤਾਲ ਕਰਕੇ ਇਸ ਨੂੰ ਹੋਰ ਛੋਟਾ ਕਰ ਦਿੰਦੇ ਹਨ, ਜਿਸ ਵਿਚ ਸਭ ਤੋਂ ਉਪਰਲੇ 10 ਉਮੀਦਵਾਰ ਤੇ ਟੌਪ (ਸਿਖਰ) ਦੇ ਤਿੰਨ ਪੌਡੀਅਮ ਉਮੀਦਵਾਰ ਹੀ ਰਹਿ ਜਾਂਦੇ ਹਨ। ਸਾਲਾਨਾ ਸੈਰੀਮਨੀ (ਸੰਮੇਲਨ) ਤੋਂ ਇਕ ਦਿਨ ਪਹਿਲਾਂ ‘ਜਿਊਰੀ’ ਫਿਰ ਮਿਲਦੀ ਹੈ ਅਤੇ ਬੜੀ ਅਗਨੀ ਪ੍ਰੀਖਸ਼ਾ ਬਾਅਦ ਵਿਨਰ (ਜੇਤੂ) ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਇਸ ਇਤਿਹਾਸਕ ਖੇਡ ਸੰਮੇਲਨ ਦਾ ਪਿਛਲਾ ਸੰਮੇਲਨ 2019 ਵਿਚ ਲੌਸਾਨੇ-ਸਵਿਟਜ਼ਰਲੈਂਡ ਵਿਚ ਹੋਇਆ ਸੀ, ਜੋ ਉਲੰਪਿਕ ਗੇਮਜ਼ ਕਮੇਟੀ ਦੀ ਰਾਜਧਾਨੀ ਹੈ ਅਤੇ ਏ.ਆਈ.ਪੀ.ਐੱਸ. ਦਾ ਹੈੱਡ ਕੁਆਟਰ ਵੀ ਹੈ। ਆਈ.ਓ.ਸੀ. (ਇੰਟਰਨੈਸ਼ਨਲ ਉਲੰਪਿਕ ਕਮੇਟੀ) ਦੇ ਪ੍ਰਧਾਨ ਮਿਸਟਰ ਥੌਮਸ ਬਾਚ ਨੇ ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੱਤਾ ਸੀ। ਏ.ਆਈ.ਪੀ.ਐੱਸ. ਦਾ ਦੂਜਾ ਸਮਾਗਮ ਹੰਗਰੀ ਦੀ ਰਾਜਧਾਨੀ ਬੁੱਡਾਪੈਸਟ ਵਿਚ ਸੰਨ 2020 ਵਿਚ ਹੋਇਆ ਸੀ। ਇਸ ਸੰਸਥਾ ਦਾ ਤੀਜਾ ਸਮਾਗਮ ਯੂ ਟਿਊਬ ਉਪਰ ਵਿਜੀਵਾਨੋ ਦੇ ਮਹਿਲਾਂ ਵਿਚ ਇਟਲੀ ਵਿਖੇ ਕੀਤਾ ਗਿਆ ਸੀ।
ਸੰਤੋਖ ਸਿੰਘ ਮੰਡੇਰ ਦਾ ਇੰਟਰਨੈਸ਼ਨਲ ਸਪੋਰਟਸ ਪ੍ਰੈੱਸ ਐਸੋਸੀਏਸ਼ਨ ਵਲੋਂ ਸਨਮਾਨ
