#AMERICA

ਸੜਕ ਹਾਦਸੇ ਦੇ ਮਾਮਲੇ ਵਿਚ ਭਗੌੜੇ ਭਾਰਤੀ ਨੂੰ ਕੀਤਾ ਅਮਰੀਕਾ ਹਵਾਲੇ; ਚੱਲੇਗਾ ਮੁਕੱਦਮਾ

ਸੈਕਰਾਮੈਂਟੋ, 3 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤ ਨੇ ਦੋ ਦਹਾਕੇ ਪਹਿਲਾਂ ਨਿਊਯਾਰਕ ਵਿਚ ਵਾਪਰੇ ਇਕ ਸੜਕ ਹਾਦਸੇ ਜਿਸ ਵਿਚ ਇਕ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਭਗੌੜੇ ਗਨੇਸ਼ ਸ਼ੇਨਾਇ (54) ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ, ਜਿਥੇ ਉਸ ਨੂੰ ਦੂਸਰਾ ਦਰਜਾ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਯੂ.ਐੱਸ. ਮਾਰਸ਼ਲ ਸਰਵਿਸ ਸ਼ੇਨਾਇ ਨੂੰ ਮੁੰਬਈ ਤੋਂ ਹਿਰਾਸਤ ਵਿਚ ਲੈ ਕੇ ਨਸਾਊ ਕਾਊਂਟੀ, ਨਿਊਯਾਰਕ ਲੈ ਗਈ। ਇਸਤਗਾਸਾ ਦਫਤਰ ਨੇ ਦੱਸਿਆ ਕਿ ਸ਼ੇਨਾਇ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿਚ ਰਖਿਆ ਗਿਆ ਹੈ। ਇਹ ਹਾਦਸਾ ਨਿਊਯਾਰਕ ਦੇ ਨੀਮ ਸ਼ਹਿਰੀ ਖੇਤਰ ਹਿਕਸਵਿਲੇ ਵਿਚ 2005 ਵਿਚ ਵਾਪਰਿਆ ਸੀ, ਜਦੋਂ ਸ਼ੇਨਾਇ ਨੇ ਕਥਿਤ ਤੌਰ ‘ਤੇ ਨਿਰਧਾਰਤ ਰਫਤਾਰ ਹੱਦ ਤੋਂ ਦੋ ਗੁਣਾਂ ਵਧ ਰਫਤਾਰ ‘ਤੇ ਆਪਣੀ ਕਾਰ ਚਲਾਉਂਦਿਆਂ ਇਕ ਹੋਰ ਕਾਰ ਵਿਚ ਮਾਰ ਦਿੱਤੀ ਸੀ। ਇਸ ਹਾਦਸੇ ਵਿਚ 44 ਸਾਲਾ ਫਿਲਿਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ, ਜੋ ਉਸ ਸਮੇ ਕੰਮ ‘ਤੇ ਜਾ ਰਿਹਾ ਸੀ। ਹਾਦਸੇ ਤੋਂ 14 ਦਿਨਾਂ ਬਾਅਦ ਉਹ ਅਮਰੀਕੀ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਨਿਊਯਾਰਕ ਤੋਂ ਮੁੰਬਈ ਆ ਗਿਆ ਸੀ। ਉਸ ਵਿਰੁੱਧ ਅਗਸਤ 2005 ਵਿਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਉਸ ਦੀ ਗ੍ਰਿਫਤਾਰੀ ਲਈ ਇੰਟਰਪੋਲ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।