ਅੰਮ੍ਰਿਤਸਰ (ਸਰਬਜੀਤ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਸਤਿਆਂ ਵਿਚ ਲੰਮੇ ਸਮੇਂ ਤੋਂ ਬਣੀਆਂ ਮੀਟ, ਸ਼ਰਾਬ ਅਤੇ ਪਾਨ-ਬੀੜੀ ਦੀਆਂ ਦੁਕਾਨਾਂ ਨਾਲ ਜਿੱਥੇ ਸ਼ਰਧਾਲੂਆਂ ਦੀ ਆਸਥਾ ਨੂੰ ਬਹੁਤ ਵੱਡਾ ਧੱਕਾ ਲੱਗਦਾ ਹੈ, ਉੱਥੇ ਹੀ ਇਨ੍ਹਾਂ ਕੰਮਾਂ ਨੂੰ ਬੰਦ ਕਰਵਾਉਣ ਲਈ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਵੱਲੋਂ ਚਲਾਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਅਤੇ ਗਿਆਨੀ ਕੇਵਲ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਕਿ ਭਾਈ ਭੋਮਾ ਵੱਲੋਂ ਚਲਾਈ ਇਸ ਲਹਿਰ ਵਿਚ ਹੋਰ ਵੀ ਸਮਾਜ ਸੇਵੀ ਸੰਸਥਾ ਨੂੰ ਇਕਜੁਟ ਹੋ ਕੇ ਨਾਲ ਚੱਲਣਾ ਚਾਹੀਦਾ ਹੈ ਤਾਂ ਜੋ ਗੁਰੂ ਘਰ ਦੇ ਰਸਤਿਆਂ ਵਿਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਇਹ ਦੁਕਾਨਾਂ ਇੱਥੋਂ ਬਦਲੀਆਂ ਜਾ ਸਕਣ। ਇਸ ਮੌਕੇ ਰਣਜੀਤ ਸਿੰਘ ਭੋਮਾ ਨੇ ਦੱਸਿਆ ਕਿ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼੍ਰੀ ਦੁਰਗਿਆਣਾ ਮੰਦਰ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਹਰ ਰੋਜ਼ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਹਵਾਈ ਜਹਾਜ਼ਾਂ, ਰੇਲਾਂ, ਬੱਸਾਂ, ਕਾਰਾਂ ਰਾਹੀਂ ਆਉਂਦੀਆਂ ਹਨ ਅਤੇ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਰਸਤਿਆਂ ਵਿਚ ਸ਼ਰਾਬ ਦੇ ਠੇਕੇ ਤੇ ਪਾਨ-ਬੀੜੀ ਦੀਆਂ ਦੁਕਾਨਾਂ ਸੰਗਤਾਂ ਦੇ ਮੱਥੇ ਲੱਗਦੀਆਂ ਹਨ, ਜਿਸ ਨਾਲ ਸੰਗਤਾਂ ਦੇ ਮਨਾਂ ਵਿਚ ਭਾਰੀ ਠੇਸ ਪਹੁੰਚਦੀ ਹੈ। ਭਾਈ ਭੋਮਾ ਨੇ ਕਿਹਾ ਕਿ ਇਸ ਸਬੰਧੀ ਪਿਛਲੇ 13 ਸਾਲਾਂ ਤੋਂ ਹਰ ਮਹੀਨੇ ਮੰਗ-ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਬਹੁਤ ਹੀ ਵਾਰ ਦਿੱਤੇ ਗਏ ਹਨ ਪਰ ਪ੍ਰਸ਼ਾਸਨ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ।