#PUNJAB

ਸ੍ਰੀ ਹਰਿਮੰਦਰ ਸਾਹਿਬ ‘ਚ 13 ਨਿਸ਼ਾਨ ਸਾਹਿਬਾਨ ਦੇ ਚੋਲੇ ਬਸੰਤੀ ਰੰਗ ਵਿਚ ਬਦਲੇ

ਅੰਮ੍ਰਿਤਸਰ, 10 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚਲੇ ਗੁਰਦੁਆਰਿਆਂ ਵਿਚ ਸਥਾਪਿਤ ਨਿਸ਼ਾਨ ਸਾਹਿਬਾਨ ਦੇ ਚੋਲਿਆਂ ਦੇ ਰੰਗ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਸਮੇਤ ਕੰਪਲੈਕਸ ਵਿਚ ਲਗਭਗ 13 ਨਿਸ਼ਾਨ ਸਾਹਿਬਾਨ ਦੇ ਚੋਲੇ ਕੇਸਰੀ ਤੋਂ ਬਸੰਤੀ ਰੰਗ ਵਿਚ ਬਦਲੇ ਗਏ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਅਰਦਾਸ ਮਗਰੋਂ ਜੈਕਾਰਿਆਂ ਦੀ ਗੂੰਜ ਵਿਚ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਬਦਲੇ ਗਏ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਲਾਚੀ ਬੇਰ, ਬੇਰ ਬਾਬਾ ਬੁੱਢਾ ਸਾਹਿਬ, ਦੁਖ ਭੰਜਣੀ ਬੇਰੀ, ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ, ਬਾਬਾ ਦੀਪ ਸਿੰਘ ਸ਼ਹੀਦ ਦਾ ਅਸਥਾਨ, ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅਤੇ ਹੋਰ ਥਾਈਂ ਨਿਸ਼ਾਨ ਸਾਹਿਬਾਨ ਦੇ ਨਵੇਂ ਰੰਗ ਦੇ ਪੁਸ਼ਾਕੇ ਪਹਿਨਾਏ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਸ਼ਹੀਦਾਂ ਸਮੇਤ ਕੁੱਲ 18 ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਪਹਿਲੇ ਦਿਨ ਬਦਲੇ ਗਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਹੋਰ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਵੀ ਬਦਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾ ਦੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਿਆਂ ਵਿਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਦਰਸਾਏ ਗਏ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਨੂੰ ਅਪਣਾਇਆ ਜਾਵੇ। ਰਹਿਤ ਮਰਿਆਦਾ ਵਿਚ ਨਿਸ਼ਾਨ ਸਾਹਿਬਾਨ ਦੇ ਚੋਲੇ ਦਾ ਰੰਗ ਬਸੰਤੀ ਅਤੇ ਸੁਰਮਈ ਦੱਸਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਗੁਰਦੁਆਰਿਆਂ ਵਿਚ ਸਿੱਖ ਰਹਿਤ ਮਰਿਆਦਾ ਵਿਚ ਦਰਸਾਏ ਗਏ ਨਿਸ਼ਾਨ ਸਾਹਿਬਾਨ ਦੇ ਚੋਲੇ ਦੇ ਰੰਗ ਦੀ ਥਾਂ ਭਗਵੇਂ ਰੰਗ ਦੇ ਚੋਲੇ ਚੜ੍ਹਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 85 ਤਹਿਤ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ 70 ਤੋਂ ਵਧ ਇਤਿਹਾਸਕ ਗੁਰਦੁਆਰੇ ਹਨ, ਜਦੋਂਕਿ ਧਾਰਾ 87 ਤਹਿਤ ਸਥਾਨਕ ਕਮੇਟੀਆਂ ਦੇ ਪ੍ਰਬੰਧ ਹੇਠਲੇ 150 ਤੋਂ ਵੱਧ ਗੁਰਦੁਆਰੇ ਹਨ, ਜਿੱਥੇ ਹੁਣ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਦਾ ਰੰਗ ਤਬਦੀਲ ਹੋਵੇਗਾ। ਸ੍ਰੀ ਅਕਾਲ ਤਖ਼ਤ ਦਾ ਆਦੇਸ਼ ਸਾਰੇ ਗੁਰਦੁਆਰਿਆਂ ‘ਤੇ ਲਾਗੂ ਹੁੰਦਾ ਹੈ, ਇਸ ਲਈ ਦੇਸ਼-ਵਿਦੇਸ਼ ਵਿਚ ਗੁਰਦੁਆਰਿਆਂ ‘ਚ ਸਥਾਪਿਤ ਨਿਸ਼ਾਨ ਸਾਹਿਬਾਨ ਦੇ ਚੋਲਿਆਂ ਦਾ ਰੰਗ ਵੀ ਤਬਦੀਲ ਹੋਵੇਗਾ।