ਸੈਕਰਾਮੈਂਟੋ, 13 ਮਾਰਚ (ਪੰਜਾਬ ਮੇਲ)- ਸ੍ਰੀ ਗੁਰੂ ਰਵਿਦਾਸ ਸਭਾ, ਰਿਓਲਿੰਡਾ, ਸੈਕਰਾਮੈਂਟੋ ਵੱਲੋਂ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 24ਵਾਂ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 3 ਦਿਨ ਚੱਲੇ ਇਨ੍ਹਾਂ ਸਮਾਗਮਾਂ ਵਿਚ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਇਆ। ਤਿੰਨੇ ਦਿਨ ਰਾਤ ਨੂੰ ਕੀਰਤਨ ਦੀਵਾਨ ਸਜਾਏ ਗਏ। ਤੀਜੇ ਦਿਨ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਦੀ ਵਾਰ ਦਾ ਪਾਠ ਹੋਇਆ। ਉਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ।
ਭਾਈ ਜਸਬੀਰ ਸਿੰਘ ਖਾਲਸਾ ਯੂ.ਕੇ. ਵਾਲੇ, ਭਾਈ ਦਵਿੰਦਰ ਸਿੰਘ ਸ਼ਾਂਤ, ਭਾਈ ਬੇਤਾਬ ਸਿੰਘ ਲੁਧਿਆਣੇ ਵਾਲੇ, ਭਾਈ ਗੁਰਦੀਪ ਸਿੰਘ, ਭਾਈ ਮਨੋਹਰ ਸਿੰਘ, ਭਾਈ ਜੀਵਨ ਸਿੰਘ, ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ, ਗਿਆਨੀ ਲਖਵਿੰਦਰ ਸਿੰਘ ਸੋਹਲ ਦੇ ਢਾਡੀ ਜੱਥੇ ਵੱਲੋਂ ਗੁਰਬਾਣੀ ਦਾ ਪ੍ਰਵਾਹ ਚਲਾਇਆ ਗਿਆ।
ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਅਤੇ ਐਤਵਾਰ ਨੂੰ ਭੋਗ ਪੈਣ ਉਪਰੰਤ ਕੁੱਝ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਵੱਖ-ਵੱਖ ਫਲੋਟ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ। ਇਸ ਮਹਾਨ ਨਗਰ ਕੀਰਤਨ ਵਿਚ ਦੂਰੋਂ-ਨੇੜਿਓਂ ਆਣ ਕੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਇਹ ਨਗਰ ਕੀਰਤਨ ਲਗਭਗ 4 ਮੀਲ ਦਾ ਪੈਂਡਾ ਤੈਅ ਕਰਕੇ ਕੀਰਤਨ ਦੇ ਪ੍ਰਵਾਹ ਨਾਲ ਅਤੇ ਜੈਕਾਰਿਆਂ ਦੀ ਗੂੰਜ ਵਿਚ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ, ਜਿੱਥੇ ਅਰਦਾਸ ਹੋਈ ਅਤੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ ਗਿਆ।
ਤਿੰਨ ਦਿਨ ਚੱਲੇ ਸਮਾਗਮਾਂ ਵਿਚ ਜਿੱਥੇ ਗੁਰੂ ਘਰ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਉਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਲੰਗਰ ਲਾਏ ਗਏ। ਇਸ ਦੌਰਾਨ ਵੱਖ-ਵੱਖ ਸਟਾਲ ਵੀ ਲੱਗੇ ਹੋਏ ਸਨ, ਜਿੱਥੋਂ ਲੋਕਾਂ ਨੇ ਕੱਪੜੇ, ਜਿਊਲਰੀ, ਕਿਤਾਬਾਂ, ਦੇਸੀ ਜੁੱਤੀਆਂ, ਖਿਡੌਣੇ, ਫੋਟੋਆਂ ਆਦਿ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵਸਤੂਆਂ ਦੀ ਖਰੀਦੋ ਫਰੋਖਤ ਵੀ ਕੀਤੀ।