ਸੈਕਰਾਮੈਂਟੋ, 19 ਨਵੰਬਰ (ਪੰਜਾਬ ਮੇਲ)- ਸ੍ਰੀ ਗੁਰੂ ਰਵਿਦਾਸ ਟੈਂਪਲ ਰਿਉ ਲਿੰਡਾ ਸੈਕਰਾਮੈਂਟੋ ਵਿਚ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ. ਅਵਤਾਰ ਸਿੰਘ ਪਲਾਹੀ, ਬੀਬੀ ਜਸਵੀਰ ਕੌਰ ਪਲਾਹੀ ਅਤੇ ਸਮੂਹ ਸਾਧ-ਸੰਗਤ ਜੀ ਵਲੋਂ ਸਜਾਏ ਗਏ। ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂਘਰ ਵਿਖੇ ਪਹੁੰਚ ਕੇ ਗੁਰਪੁਰਬ ਦੀਆ ਖੁਸ਼ੀਆਂ ‘ਚ ਸ਼ਮੂਲੀਅਤ ਕੀਤੀ।

ਇਸ ਮੌਕੇ ‘ਤੇ ਵੱਖ-ਵੱਖ ਕੀਰਤਨੀ ਜਥਿਆਂ ਜਿਨ੍ਹਾਂ ਵਿਚ ਭਾਈ ਜਸਪਾਲ ਸਿੰਘ ਸਾਰੰਗ ਦੇ ਕੀਰਤਨੀ ਜਥੇ ਅਤੇ ਗੁਰੂਘਰ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਨਿਹਾਲ ਕੀਤਾ। ਬੀਬੀ ਜਸਵੀਰ ਕੌਰ ਜੀ ਵਲੋਂ ਵੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼੍ਰੀ ਰਾਜ ਸੂਦ ਨੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਬਾਰੇ ਵਿਚਾਰ ਚਰਚਾ ਕੀਤੀ। ਸੇਵਾਦਾਰ ਪਰਿਵਾਰ ਨੂੰ ਗੁਰੂਘਰ ਵਲੋਂ ਸ੍ਰੀ ਸ੍ਰੀਪਾਓ ਸਾਹਿਬ ਦੀ ਬਖਸ਼ਿਸ਼ ਕੀਤੀ ਗਈ। ਗੁਰੂ ਕੇ ਲੰਗਰ ਅਟੁੱਟ ਵਰਤੇ। ਸੰਗਤਾਂ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਸਮਾਗਮਾਂ ਦੀ ਤਿਆਰੀ ਕਰ ਰਹੀਆਂ ਸਨ। ਸਟੇਜ ਸੈਕਟਰੀ ਸ਼੍ਰੀ ਬਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਅਤੇ ਸੇਵਾਦਾਰ ਪਰਿਵਾਰਾਂ ਦਾ ਧੰਨਵਾਦ ਕੀਤਾ।

