#PUNJAB

ਸ੍ਰੀ ਕਰਤਾਰਪੁਰ ਸਾਹਿਬ ਦਾ ਬੰਦ ਲਾਂਘਾ ਖੋਲ੍ਹਣ ਲਈ ਸਰਹੱਦ ‘ਤੇ ਅਰਦਾਸ ਦੌਰਾਨ ਸੰਗਤ ਤੇ ਬੀ.ਸੀ.ਐੱਫ. ਅਧਿਕਾਰੀਆਂ ‘ਚ ਤਿੱਖੀ ਬਹਿਸ

ਡੇਰਾ ਬਾਬਾ ਨਾਨਕ, 9 ਫਰਵਰੀ (ਪੰਜਾਬ ਮੇਲ)- ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਪਏ ਲਾਂਘੇ ਨੂੰ ਮੁੜ ਖੋਲ੍ਹਣ ਵਾਸਤੇ ਬੀਤੇ ਦਿਨ ਵੱਡੀ ਗਿਣਤੀ ਵਿਚ ‘ਨਾਨਕ ਨਾਮ ਲੇਵਾ’ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪੁੱਜੀਆਂ ਸੰਗਤਾਂ ਨੇ ਦਰਸ਼ਨ ਅਸਥਾਨ ‘ਤੇ ਖਲੋ ਕੇ ਪਹਿਲਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕੀਤਾ ਅਤੇ ਫਿਰ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਜੋਦੜੀ ਕੀਤੀ।
ਇਸ ਦੌਰਾਨ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਅਧਿਕਾਰੀਆਂ ਨੇ ਸੰਗਤਾਂ ਨੂੰ ਅਰਦਾਸ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਸਿੱਖ ਆਗੂਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਕਾਫ਼ੀ ਲੰਮੀ ਅਤੇ ਤਿੱਖੀ ਬਹਿਸ ਹੋਈ। ਅਖ਼ੀਰ ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਸੰਗਤ ਨੂੰ ਅਰਦਾਸ ਦੀ ਆਗਿਆ ਮਿਲੀ ਪਰ ਬੀ.ਐੱਸ.ਐੱਫ. ਦੇ ਇਸ ਅੜੀਅਲ ਵਤੀਰੇ ਕਾਰਨ ਸ਼ਰਧਾਲੂਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਮੌਕੇ ਮਨਜੀਤ ਸਿੰਘ ਭੋਮਾ (ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ, ਦਿੱਲੀ ਕਮੇਟੀ), ਸਰਬਜੀਤ ਸਿੰਘ ਜੰਮੂ (ਸਕੱਤਰ ਹਰਿਆਣਾ ਕਮੇਟੀ) ਅਤੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਪੀਲ ਕੀਤੀ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਹ ਲਾਂਘਾ ਤੁਰੰਤ ਖੋਲ੍ਹਿਆ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਲਾਂਘੇ ਦੇ ਦੋਵੇਂ ਪਾਸੇ ਦੋ-ਦੋ ਕਿਲੋਮੀਟਰ ਦੇ ਘੇਰੇ ਨੂੰ ‘ਗੁਰੂ ਨਾਨਕ ਫ਼ਰੀ ਵਪਾਰ ਜ਼ੋਨ’ ਐਲਾਨਿਆ ਜਾਵੇ। ਉਨ੍ਹਾਂ ਅਨੁਸਾਰ ਇਸ ਨਾਲ ਨਾ ਸਿਰਫ਼ ਵਪਾਰ ਵਧੇਗਾ, ਸਗੋਂ ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦੀ ਕੜਵਾਹਟ ਘਟੇਗੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵਾਹਗਾ ਸਰਹੱਦ ਰਾਹੀਂ ਵਪਾਰ ਅਤੇ ਜਥੇ ਸ਼ੁਰੂ ਹੋ ਚੁੱਕੇ ਹਨ, ਤਾਂ ਇਸ ਪਵਿੱਤਰ ਲਾਂਘੇ ਨੂੰ ਬੰਦ ਰੱਖਣਾ ਮੰਦਭਾਗਾ ਹੈ।