ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਭਾਰਤੀ ਜਲ ਸੈਨਾ ਦੇ ਕਮਾਂਡੋਜ਼ ਨੇ ਅਰਬ ਸਾਗਰ ਵਿੱਚ ਅਗਵਾ ਕੀਤੇ ਮਾਲਵਾਹਕ ਜਹਾਜ਼ ਵਿੱਚੋਂ ਸਾਰੇ 15 ਭਾਰਤੀਆਂ ਨੂੰ ਬਚਾ ਲਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੰਗੀ ਬੇੜਾ ਆਈ.ਐਨ.ਐਸ. ਚੇਨਈ ਸੋਮਾਲੀਆ ਦੇ ਤੱਟ ‘ਤੇ ਹਾਈਜੈਕ ਕੀਤੇ ਜਹਾਜ਼ ਐਮ.ਵੀ. ਲੀਲਾ ਨਾਰਫੋਕ ਦੇ ਨੇੜੇ ਸੀ ਅਤੇ ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਅਗਵਾ ਕੀਤੇ ਜਹਾਜ਼ ਨੂੰ ਛੱਡਣ ਦੀ ਚੇਤਾਵਨੀ ਦਿੱਤੀ ਸੀ।
ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਸਮੁੰਦਰੀ ਘਟਨਾ ਦਾ ਤੁਰੰਤ ਜਵਾਬ ਦਿੱਤਾ, ਜਿਸ ਵਿੱਚ ਲਾਈਬੇਰੀਆ ਦੇ ਝੰਡੇ ਵਾਲੇ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ਨੇ ਯੂ.ਕੇ.ਐਮ.ਟੀ.ਓ ਪੋਰਟਲ ‘ਤੇ ਇੱਕ ਸੰਦੇਸ਼ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਰੀਬ ਪੰਜ ਤੋਂ ਛੇ ਅਣਪਛਾਤੇ ਹਥਿਆਰਬੰਦ ਵਿਅਕਤੀ ਜਹਾਜ਼ ਵਿੱਚ ਸਵਾਰ ਹੋ ਗਏ ਹਨ।
ਜਹਾਜ਼ ਤੋਂ ਸੰਦੇਸ਼ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਗਈ। ਭਾਰਤੀ ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਦੇ ਸਮੁੰਦਰੀ ਗਸ਼ਤੀ ਜਹਾਜ਼ ਨੇ ਮਾਲਵਾਹਕ ਜਹਾਜ਼ ਤਕ ਪਹੁੰਚ ਕੀਤੀ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਲਵਾਹਕ ਜਹਾਜ਼ ਨਾਲ ਸੰਪਰਕ ਸਥਾਪਿਤ ਕੀਤਾ।
ਪਿਛਲੇ ਮਹੀਨੇ ਸਮੁੰਦਰ ‘ਚ ਕਾਰਗੋ ਜਹਾਜ਼ਾਂ ‘ਤੇ ਹੋਏ ਹਮਲਿਆਂ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਸਮੁੰਦਰ ‘ਚ ਕਈ ਜੰਗੀ ਬੇੜੇ ਤਾਇਨਾਤ ਕੀਤੇ ਹਨ। ਇਸ ਵਿੱਚ ਭਾਰਤ ਦੇ ਤੱਟ ਨੇੜੇ ਇੱਕ ਡਰੋਨ ਹਮਲਾ ਵੀ ਸ਼ਾਮਲ ਸੀ, ਜਿਸ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਤਾਜ਼ਾ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਕਈ ਜਹਾਜ਼ਾਂ ਨੂੰ ਲਾਲ ਸਾਗਰ ਦੇ ਰਸਤੇ ਮੋੜ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਯਮਨ ਦੇ ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਫਿਲਸਤੀਨੀਆਂ ਦੇ ਨਾਲ ਇਕਜੁੱਟਤਾ ਵਿੱਚ ਗਾਜ਼ਾ ਵਿੱਚ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਇਜ਼ਰਾਈਲ ਗਾਜ਼ਾ ਵਿੱਚ ਹਮਾਸ ਨਾਲ ਲੜ ਰਿਹਾ ਹੈ।
ਪਿਛਲੇ ਮਹੀਨੇ ਟੈਂਕਰ ਐਮ.ਵੀ. ਕੈਮ ਪਲੂਟੋ ਨੂੰ ਭਾਰਤੀ ਤੱਟ ਤੋਂ 200 ਨੌਟੀਕਲ ਮੀਲ (370 ਕਿਲੋਮੀਟਰ) ਦੀ ਦੂਰੀ ‘ਤੇ ਡਰੋਨ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ।