ਕੁਸ਼ਤੀ ਮੁਕਾਬਲੇ ਵੀ ਰਹੇ ਦਿਲਚਸਪ
ਸੈਕਰਾਮੈਂਟੋ, 1 ਅਕਤੂਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਅਮਰੀਕਨ ਕਬੱਡੀ ਫੈਡਰੇਸ਼ਨ ਯੂ.ਐੱਸ.ਏ. ਦੇ ਸਹਿਯੋਗ ਨਾਲ ਸਾਲਾਨਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਦੇ ਮੈਦਾਨ ਵਿਚ ਹੋਏ ਇਸ ਕਬੱਡੀ ਟੂਰਨਾਮੈਂਟ ਵਿਚ ਵਿਸ਼ਵ ਭਰ ਦੇ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੇ ਨਾਲ-ਨਾਲ ਕੁਸ਼ਤੀ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ, ਜਿਸ ਵਿਚ ਰੁਸਤਮੇ-ਹਿੰਦ ਜੱਸਾ ਪੱਟੀ, ਪ੍ਰਿਤਪਾਲ ਫਗਵਾੜਾ, ਕਮਲਜੀਤ ਡੂੰਮਛੇੜੀ, ਗੋਪੀ ਲੀਲਾਂ ਸ਼ਾਮਲ ਸਨ।
ਟੂਰਨਾਮੈਂਟ ਦੀ ਸ਼ੁਰੂਆਤ ਅੰਡਰ 25 ਦੇ ਮੁਕਾਬਲਿਆਂ ਨਾਲ ਹੋਈ, ਜਿਸ ਵਿਚ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਗਰਾਊਂਡ ਦੇ ਸਾਰੇ ਪਾਸੇ ਦਰਸ਼ਕਾਂ ਦੇ ਬੈਠਣ ਲਈ ਟੈਂਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਮੌਸਮ ਬਹੁਤ ਖੁਸ਼ਗਵਾਰ ਸੀ, ਜਿਸ ਕਰਕੇ ਖਿਡਾਰੀਆਂ ਲਈ ਇਹ ਦਿਨ ਚੰਗਾ ਰਿਹਾ। ਸਟੇਜ ਦੀ ਸੇਵਾ ਆਸ਼ਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕੁਮੈਂਟੇਟਰਾਂ ਨੇ ਸਾਰਾ ਦਿਨ ਸਪੀਕਰਾਂ ‘ਤੇ ਰੌਲਾ ਪਾਈ ਰੱਖਿਆ। ਇਸ ਟੂਰਨਾਮੈਂਟ ਦੇ ਪੰਜਾਬ ਅਲਾਇੰਸ ਨਿਊਯਾਰਕ ਦੀ ਟੀਮ ਨੇ ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ ਦੀ ਟੀਮ ਨੂੰ ਹਰਾ ਕੇ ਫਾਈਨਲ ਕੱਪ ਜਿੱਤਿਆ। ਇਸੇ ਤਰ੍ਹਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਫਤਿਹ ਸਪੋਰਟਸ ਕਲੱਬ ਦਰਮਿਆਨ ਵੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਦੌਰਾਨ ਹਰਜੋਤ ਨੂੰ ਬੈਸਟ ਰੇਡਰ ਅਤੇ ਪਾਲਾ ਜਲਾਲਪੁਰ ਨੂੰ ਬੈਸਟ ਸਟਾਪਰ ਦਾ ਐਵਾਰਡ ਦਿੱਤਾ ਗਿਆ। ਟੂਰਨਾਮੈਂਟ ਦੇ ਪ੍ਰਬੰਧਕ ਧੀਰਾ ਨਿੱਜਰ, ਪਰਗਟ ਸਿੰਘ ਸੰਧੂ, ਬਿੱਟੂ ਰੰਧਾਵਾ, ਤਰਲੋਚਨ ਅਟਵਾਲ, ਗੁਰਮੀਤ ਵੜੈਚ ਤੋਂ ਇਲਾਵਾ ਸਮੂਹ ਸਾਥੀਆਂ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਕੁੱਲ ਮਿਲਾ ਕੇ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਆਪਣੀ ਅਮਿੱਟ ਛਾਪ ਛੱਡ ਗਿਆ।
ਸੈਕਰਾਮੈਂਟੋ ਦੇ ਕਬੱਡੀ ਕੱਪ ਵਿਚ ਪਈਆਂ ਧੁੰਮਾਂ
