ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਇਨਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਕਰਵਾਏ ਗਏ ਪਹਿਲੇ ਵਾਲੀਬਾਲ ਟੂਰਨਾਮੈਂਟ ਵਿਚ ਸਿਰਕੱਢ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਟੂਰਨਾਮੈਂਟ ਦਾ ਆਯੋਜਨ ਐਲਕ ਗਰੋਵ ਦੇ ਵੈਕਫੋਰਡ ਕਮਿਊਨਿਟੀ ਕੰਪਲੈਕਸ ਵਿਚ ਕੀਤਾ ਗਿਆ। ਇਸ ਦੌਰਾਨ ਚੜਦੀ ਕਲਾ, ਟੀ.ਐੱਮ.ਸੀ. ਟੀਮ ਜੇਤੂ ਰਹੀ ਤੇ ਸੈਂਟਾ ਕਲੇਰਾ ਟੀਮ ਨੂੰ ਦੂਜੇ ਥਾਂ ਸਬਰ ਕਰਨਾ ਪਿਆ। ਪਹਿਲੇ ਥਾਂ ਰਹੀ ਚੜ੍ਹਦੀ ਕਲਾ, ਟੀ.ਐੱਮ.ਸੀ. ਟੀਮ ਨੂੰ 25 ਸੌ ਡਾਲਰ ਨਗਦ ਇਨਾਮ ਤੇ ਵੱਡੀ ਟਰਾਫੀ ਨਾਲ ਸਨਮਾਨ ਕੀਤਾ ਗਿਆ ਤੇ ਦੂਜੇ ਥਾਂ ਆਈ ਟੀਮ ਨੂੰ 15 ਸੌ ਡਾਲਰ ਨਗਦ ਇਨਾਮ ਤੇ ਟਰਾਫੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕਾਂ ‘ਚ ਸੁੱਖੀ ਸੇਖੋਂ, ਸੈਮ ਦੁਸਾਂਝ, ਹਰਕੰਵਲ ਬਰਿਆੜ, ਇੰਦਰਜੀਤ ਖੰਗੂੜਾ, ਭੁਪਿੰਦਰ ਦੁਸਾਂਝ ਤੇ ਗੁਰਨੇਕ ਦੁਸਾਂਝ ਨੇ ਮੁੱਖ ਪਤਵੰਤਿਆਂ ਦਾ ਵੀ ਪਲੇਕਾਂ ਦੇ ਕੇ ਸਨਮਾਨ ਕੀਤਾ। ਇਸ ਮੌਕੇ ਚੜ੍ਹਦੀ ਕਲਾ ਟੀਮ ਦੇ ਬੈਸਟ ਸਮੈਸਰ ਰੰਮੀ ਨੂੰ ਤੇ ਬੈਸਟ ਲੈਫਟਰ ਬੌਬੀ ਨੂੰ ਚੁਣਿਆ ਗਿਆ। ਇਸ ਪਹਿਲੇ ਟੂਰਨਾਮੈਂਟ ਦੀ ਖਾਸੀਅਤ ਇਹ ਰਹੀ ਕਿ ਕਿਸੇ ਬਿਜਨਸਮੈਨ ਜਾਂ ਕਿਸੇ ਧਨਾਡ ਕੋਲੋਂ ਇਹ ਟੂਰਨਾਮੈਂਟ ਸਪਾਂਸਰ ਨਹੀਂ ਕਰਵਾਇਆ ਗਿਆ।