#PUNJAB

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਮੁੜ ਵਾਪਸੀ

-ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ
ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ, ਹੁਣ ਉਹ ਪਾਰਟੀ ਵਿਚ ਵਾਪਸ ਆ ਗਏ ਹਨ। ਇਹ ਐਲਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੇ ਕੀਤਾ ਹੈ। ਲੰਗਾਹ ਦੀ ਵਾਪਸੀ ਨੂੰ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ ਸੀਟ ਡੇਰਾ ਬਾਬਾ ਨਾਨਕ ਨਾਲ ਜੋੜਿਆ ਜਾ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਲੰਗਾਹ ਵਿਧਾਨ ਸਭਾ ਉਪ ਚੋਣ ‘ਚ ਇੱਥੋਂ ਉਮੀਦਵਾਰ ਹੋ ਸਕਦੇ ਹਨ। ਕਿਉਂਕਿ ਲੰਗਾਹ ਦੀ ਇਸ ਖੇਤਰ ਵਿਚ ਮਜ਼ਬੂਤ ਮੌਜੂਦਗੀ ਹੈ ਪਰ ਪਾਰਟੀ ਉਨ੍ਹਾਂ ਦੀ ਵਾਪਸੀ ਦੀ ਗੱਲ ਸਿਰਫ਼ ਇੱਕ ਵਰਕਰ ਵਜੋਂ ਹੀ ਕਰ ਰਹੀ ਹੈ।
2017 ਵਿਚ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਲੰਗਾਹ ਨੂੰ ਅਕਾਲੀ ਦਲ ਅਤੇ ਪੰਥ ਦੋਵਾਂ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਅਦਾਲਤ ਵੱਲੋਂ ਲੰਗਾਹ ਨੂੰ ਉਕਤ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੰਗਾਹ ਲੰਮਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਦੀ ਅਪੀਲ ਕਰਦਾ ਰਿਹਾ। ਲੰਬੀ ਜੱਦੋ-ਜਹਿਦ ਤੋਂ ਬਾਅਦ ਲੰਗਾਹ ਨੂੰ ਮੁਆਫੀ ਮਿਲ ਗਈ ਅਤੇ ਪੰਥ  ਵਿਚ ਵਾਪਸੀ ਹੋ ਗਈ ਹੈ।
ਇਸ ਤੋਂ ਬਾਅਦ ਲੰਗਾਹ ਕਾਫੀ ਸਮੇਂ ਤੋਂ ਪਾਰਟੀ ਨੂੰ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਅਪੀਲ ਕਰ ਰਹੇ ਸਨ। ਭਾਵੇਂ ਪਾਰਟੀ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਸੀ, ਪਰ ਲੰਗਾਹ ਸਮੇਂ-ਸਮੇਂ ‘ਤੇ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਹ ਸ਼ੁਰੂ ਤੋਂ ਅਕਾਲੀ ਸਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ। ਆਖਰਕਾਰ ਪਾਰਟੀ ਨੇ ਲੰਗਾਹ ਦੇ ਹੱਕ ਵਿਚ ਫੈਸਲਾ ਕੀਤਾ ਅਤੇ ਲੰਗਾਹ ਪਾਰਟੀ ਵਿਚ ਵਾਪਸ ਆ ਗਏ।
ਇਹ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਿਆ ਹੈ। ਇਸ ਕਾਰਨ ਇਸ ਹਲਕੇ ਵਿਚ ਜਲਦੀ ਹੀ ਉਪ ਚੋਣ ਹੋਣ ਜਾ ਰਹੀ ਹੈ। ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਲੰਗਾਹ ਦੀ ਵਾਪਸੀ ਕਰਵਾ ਕੇ ਇਸ ਚੋਣ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ ਕਿਉਂਕਿ ਲੰਗਾਹ ਇਸ ਹਲਕੇ ਵਿਚ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ।