1 ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ
ਨਵੀਂ ਦਿੱਲੀ, 14 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਦੇ ਮੁੱਖ ਮੁਲਜ਼ਮ ਅਤੇ ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ 4 ਮਾਰਚ ਦੇ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇਣ ਦੇ ਹੁਕਮ ਨੂੰ ਰੱਦ ਕਰ ਦਿੱਤਾ। ਜਸਟਿਸ ਕਰੋਲ ਨੇ ਫ਼ੈਸਲੇ ਦਾ ਮੁੱਖ ਹਿੱਸਾ ਪੜ੍ਹਦੇ ਹੋਏ ਸਾਗਰ ਦੇ ਪਿਤਾ ਵੱਲੋਂ ਜ਼ਮਾਨਤ ਦੇ ਹੁਕਮ ਵਿਰੁੱਧ ਦਾਇਰ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਜੱਜ ਨੇ ਕਿਹਾ ਕਿ ਸੁਸ਼ੀਲ ਕੁਮਾਰ ਨੂੰ ਇਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨਾ ਪਵੇਗਾ। ਇਸ ਦੌਰਾਨ ਸੁਸ਼ੀਲ ਕੁਮਾਰ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਉੱਤਰੀ ਰੇਲਵੇ ਵਿਚ ਆਪਣੀ ਡਿਊਟੀ ‘ਤੇ ਵਾਪਸ ਆ ਗਿਆ ਸੀ ਪਰ ਹੁਣ ਉਸ ਨੂੰ ਆਤਮ ਸਮਰਪਣ ਕਰਨਾ ਪਵੇਗਾ ਅਤੇ 7 ਦਿਨਾਂ ਅੰਦਰ ਜੇਲ੍ਹ ਜਾਣਾ ਪਵੇਗਾ। ਸੁਸ਼ੀਲ ਕੁਮਾਰ ‘ਤੇ ਕਈ ਹੋਰਾਂ ਨਾਲ ਰਲ ਕੇ 4 ਮਈ, 2021 ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਦੀ ਪਾਰਕਿੰਗ ‘ਚ ਕਥਿਤ ਤੌਰ ‘ਤੇ ਇਕ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਧਨਖੜ ਅਤੇ ਉਸ ਦੇ ਦੋ ਦੋਸਤਾਂ ਸੋਨੂੰ ਅਤੇ ਅਮਿਤ ਕੁਮਾਰ ‘ਤੇ ਹਮਲਾ ਕਰਨ ਦਾ ਦੋਸ਼ ਹੈ।
ਸੁਪਰੀਮ ਕੋਰਟ ਵੱਲੋਂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ
