#INDIA

ਸੁਪਰੀਮ ਕੋਰਟ ਵੱਲੋਂ ਨੀਟ ਦੇ ਵਿਵਾਦਤ ਸਵਾਲ ਦੀ ਜਾਂਚ ਦਾ ਹੁਕਮ

-ਆਈ.ਆਈ.ਟੀ. ਦਿੱਲੀ ਦੇ ਡਾਇਰੈਕਟਰ ਨੂੰ ਸਹੀ ਜਵਾਬ ਲਈ ਤਿੰਨ ਮਾਹਿਰਾਂ ਦਾ ਪੈਨਲ ਬਣਾਉਣ ਲਈ ਕਿਹਾ; 23 ਜੁਲਾਈ ਨੂੰ ਦੁਪਹਿਰ 12 ਵਜੇ ਤੱਕ ਰਿਪੋਰਟ ਮੰਗੀ
ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਵਿਚ ਅੱਜ ਨੀਟ ਮਾਮਲੇ ‘ਤੇ ਸੁਣਵਾਈ ਹੋਈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਇਸ ਮੌਕੇ 40 ਤੋਂ ਜ਼ਿਆਦਾ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਜਿਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਸਹੀ ਵਿਕਲਪਾਂ ਵਾਲੇ ਫਿਜ਼ਿਕਸ ਦੇ ਸਵਾਲ ਨੰਬਰ 19 ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਵਿਚ ਦੋ ਸਹੀ ਵਿਕਲਪ ਦੇ ਕੇ 44 ਵਿਦਿਆਰਥੀਆਂ ਨੇ ਗਰੇਸ ਅੰਕ ਪ੍ਰਾਪਤ ਕੀਤੇ ਸਨ। ਸਰਵਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ‘ਤੇ ਆਈ.ਆਈ.ਟੀ. ਦਿੱਲੀ ਦੇ ਮਾਹਿਰਾਂ ਦੀ ਰਾਇ ਲਈ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ ਆਈ.ਆਈ.ਟੀ. ਦਿੱਲੀ ਦੇ ਡਾਇਰੈਕਟਰ ਦੋ ਸਹੀ ਜਵਾਬਾਂ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਮਾਹਿਰ ਕਮੇਟੀ ਬਣਾਉਣ ਤੇ ਮਾਹਿਰਾਂ ਦੀ ਟੀਮ ਦੋਵਾਂ ਵਿਚੋਂ ਸਹੀ ਸਵਾਲ ਦੀ ਚੋਣ ਕਰ ਕੇ ਦੁਪਹਿਰ 12 ਵਜੇ ਤੱਕ ਰਜਿਸਟਰਾਰ ਨੂੰ ਆਪਣੀ ਰਾਇ ਭੇਜੇ। ਸੁਪਰੀਮ ਕੋਰਟ ਵਿਚ ਇਹ ਚੌਥੀ ਸੁਣਵਾਈ ਸੀ ਤੇ ਅਗਲੀ ਸੁਣਵਾਈ ਭਲਕੇ ਮੁੜ ਹੋਵੇਗੀ।