ਕਿਹਾ: ਸੁਪਰੀਮ ਕੋਰਟ ਨੇ ਖਤਰਨਾਕ ਮਿਸਾਲ ਕਾਇਮ ਕੀਤੀ
ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਰਾਹਤ ‘ਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਜੇਕਰ ਨਵੰਬਰ ਦੀਆਂ ਚੋਣਾਂ ‘ਚ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ, ਤਾਂ ਉਹ ਇਸ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਵ੍ਹਾਈਟ ਹਾਊਸ ‘ਚ ਆਪਣੇ ਇਕ ਸੰਬੋਧਨ ਦੌਰਾਨ ਜੋਅ ਬਾਇਡਨ ਨੇ ਕਿਹਾ ਕਿ ਸਾਰੇ ਵਿਵਹਾਰਿਕ ਉਦੇਸ਼ਾਂ ਦੇ ਲਿਹਾਜ਼ ਨਾਲ ਇਸ ਫ਼ੈਸਲੇ ਦਾ ਮਤਲਬ ਇਹ ਹੈ ਕਿ ਹੁਣ ਰਾਸ਼ਟਰਪਤੀ ਕੁਝ ਵੀ ਕਰ ਸਕਦਾ ਹੈ। ਮੌਲਿਕ ਤੌਰ ‘ਤੇ ਇਹ ਨਵਾਂ ਸਿਧਾਂਤ ਇਕ ਖ਼ਤਰਨਾਕ ਮਿਸਾਲ ਹੈ। ਹੁਣ ਅਮਰੀਕੀ ਲੋਕਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਉਹ ਇਕ ਵਾਰ ਫਿਰ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਹਨ, ਕਿਉਂਕਿ ਹੁਣ ਉਹ (ਟਰੰਪ) ਜਾਣਦੇ ਹਨ ਉਹ ਜੋ ਵੀ ਕਰਨਾ ਚਾਹੁਣਗੇ, ਉਸ ਨੂੰ ਕਰਨ ਲਈ ਹੋਰ ਸਾਹਸੀ ਹੋ ਜਾਣਗੇ।”
ਦੱਸਣਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਟਰੰਪ ਦੇ ਰਾਸ਼ਟਰਪਤੀ ਰਹਿੰਦੇ ਹੋਏ ਸਾਲ 2020 ‘ਚ ਚੋਣ ਨਤੀਜੇ ਪਲਟਣ ਦੇ ਮਾਮਲੇ ਨੂੰ ਵਾਪਸ ਟ੍ਰਾਇਲ ਕੋਰਟ ਨੂੰ ਭੇਜ ਦਿੱਤਾ ਹੈ। ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀਆਂ ਨੂੰ ਕੁਝ ਹੱਦ ਤੱਕ ਕਾਨੂੰਨੀ ਕਾਰਵਾਈ ਤੋਂ ਛੋਟ ਰਹਿੰਦੀ ਹੈ। ਅਜਿਹੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਨਵੰਬਰ ਤੋਂ ਪਹਿਲੇ ਸੁਣਵਾਈ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਜਿਸ ਨਾਲ ਟਰੰਪ ਦੇ ਰਾਸ਼ਟਰਪਤੀ ਬਣਨ ਦੀ ਰੁਕਾਵਟ ਵੀ ਦੂਰ ਹੋ ਗਈ ਹੈ।