ਖੰਨਾ, 19 ਮਈ (ਪੰਜਾਬ ਮੇਲ)-ਪੰਜਾਬ ‘ਚ ਹੁਣ ਮੁੜ ਤੋਂ ਬੈਲਗੱਡੀਆਂ ਦੀ ਦੌੜ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰੀਮ ਕੋਰਟ ਵਲੋਂ ਬੈਲ ਦੌੜਾਕਾਂ ਨੂੰ ਵੱਡੀ ਰਾਹਤ ਦਿੰਦਿਆਂ ਬੈਲ ਦੌੜਾਂ ‘ਤੇ ਲਾਈ ਰੋਕ ਨੂੰ ਹਟਾ ਦਿੱਤਾ ਗਿਆ ਹੈ। ਅਦਾਲਤ ਦੇ ਫ਼ੈਸਲੇ ਦੀ ਜਾਣਕਾਰੀ ਮਾਲਵਾ, ਦੋਆਬਾ ਦੀ ਬੈਲ ਦੌੜਾਕ ਕਮੇਟੀ ਪੰਜਾਬ ਵੱਲੋਂ ਦਿੱਤੀ ਗਈ ਅਤੇ ਖ਼ੁਸ਼ੀ ‘ਚ ਲੱਡੂ ਵੰਡੇ ਗਏ। ਇਸ ਦੇ ਨਾਲ ਹੀ 25 ਮਈ ਨੂੰ ਪਾਇਲ ਦੇ ਪਿੰਡ ਧੌਲਮਾਜਰਾ ਵਿਖੇ ਬੈਲ ਦੌੜਾਂ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਵਜੋਂ ਜਾਣੇ ਜਾਂਦੇ ਕਿਲ੍ਹਾ ਰਾਏਪੁਰ ਖੇਡ ਮੇਲੇ ‘ਤੇ ਮੌਕੇ ਦੀਆਂ ਸਰਕਾਰਾਂ ਵੱਲੋਂ 29 ਜਨਵਰੀ, 2010 ਨੂੰ ਬੈਲਗੱਡੀਆਂ ਦੀਆਂ ਦੌੜਾਂ ਅਤੇ ਹੋਰ ਜਾਨਵਰਾਂ ਦੀਆਂ ਦੌੜਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਸਨ। ਉਸ ਸਮੇਂ ਤੋਂ ਹੀ ਬੈਲ ਦੌੜਾਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿੰਗਲ ਅਤੇ ਡਬਲ ਬੈਂਚ ਵਿਖੇ ਲੰਬੀ ਕਾਨੂੰਨੀ ਲੜਾਈ ਲੜ ਕੇ ਸੰਨ 2012 ਵਿਚ ਜਿੱਤ ਪ੍ਰਾਪਤ ਕਰ ਲਈ ਗਈ ਸੀ। ਇਸ ਤੋਂ ਬਾਅਦ ਪੀਟਾ ਅਤੇ ਹੋਰ ਐੱਨ. ਜੀ. ਓਜ਼. ਨੇ ਮਿਲ ਕੇ ਹਾਈਕੋਰਟ ਦੇ ਇਸ ਫ਼ੈਸਲੇ ਨੂੰ 2014 ਵਿੱਚ ਸੁਪਰੀਮ ਕੋਰਟ ਵਿਖੇ ਚੁਣੌਤੀ ਦਿੱਤੀ ਸੀ ਅਤੇ ਇਸ ‘ਤੇ ਸਟੇਅ ਲੱਗ ਗਈ ਸੀ।