-ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਸੰਭਾਲਿਆ ਅਹੁਦਾ; ਰਾਜ ਭਵਨ ਵਿਖੇ ਚੁੱਕੀ ਅਹੁਦੇ ਦੀ ਸਹੁੰ
ਮੁੰਬਈ, 31 ਜਨਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਸਿਆਸੀ ਇਤਿਹਾਸ ਵਿਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ ਹੈ, ਜਦੋਂ 62 ਸਾਲਾ ਸੁਨੇਤਰਾ ਪਵਾਰ ਨੇ ਰਾਜ ਦੇ ਪਹਿਲੇ ਮਹਿਲਾ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੰਬਈ ਵਿਖੇ ਹੋਏ ਸਮਾਗਮ ਦੌਰਾਨ ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
ਸੁਨੇਤਰਾ ਪਵਾਰ, ਸਵਰਗੀ ਐੱਨ.ਸੀ.ਪੀ. ਮੁਖੀ ਅਜੀਤ ਪਵਾਰ ਦੀ ਪਤਨੀ ਹਨ। ਦੱਸਣਯੋਗ ਹੈ ਕਿ 28 ਜਨਵਰੀ ਨੂੰ ਬਾਰਾਮਤੀ ਵਿਖੇ ਹੋਏ ਇੱਕ ਮੰਦਭਾਗੇ ਜਹਾਜ਼ ਹਾਦਸੇ ਵਿਚ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ।
ਸੁਨੇਤਰਾ ਪਵਾਰ ਦੀ ਨਿਯੁਕਤੀ ਨਾਲ ਮਹਾਰਾਸ਼ਟਰ ਦੀ ਮਹਾਂਯੁਤੀ ਸਰਕਾਰ ਵਿਚ ਸ਼ਕਤੀ ਸੰਤੁਲਨ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਵੱਲੋਂ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਨੇ ਅੱਗੇ ਕਾਰਵਾਈ ਲਈ ਇਸ ਨੂੰ ਰਾਜਪਾਲ ਕੋਲ ਭੇਜ ਦਿੱਤਾ।
ਸੁਨੇਤਰਾ ਪਵਾਰ ਹੁਣ ਆਪਣੇ ਪਤੀ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਨਗੇ। ਸਹੁੰ ਚੁੱਕ ਸਮਾਗਮ ਦੌਰਾਨ ਸੂਬੇ ਦੀਆਂ ਕਈ ਪ੍ਰਮੁੱਖ ਹਸਤੀਆਂ ਅਤੇ ਸਿਆਸੀ ਆਗੂ ਮੌਜੂਦ ਸਨ। ਸੁਨੇਤਰਾ ਪਵਾਰ ਦਾ ਇਸ ਉੱਚ ਅਹੁਦੇ ‘ਤੇ ਪਹੁੰਚਣਾ ਰਾਜ ਵਿਚ ਮਹਿਲਾ ਸ਼ਕਤੀਕਰਨ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਸੁਨੇਤਰਾ ਪਵਾਰ ਬਣੇ ਮਹਾਰਾਸ਼ਟਰ ਦੇ ਪਹਿਲੇ ਮਹਿਲਾ ਉਪ-ਮੁੱਖ ਮੰਤਰੀ

