#AMERICA

ਸੁਨੀਤਾ ਵਿਲੀਅਮਜ਼ ਸਣੇ ਦੋ ਪੁਲਾੜ ਯਾਤਰੀ ਧਰਤੀ ‘ਤੇ ਪਰਤਣ ਨੇੜੇ

ਕੇਪ ਕੈਨਵਰਲ, 6 ਮਾਰਚ (ਪੰਜਾਬ ਮੇਲ)- ਨਾਸਾ ਦੇ ਦੋ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀਤਾ (ਸੁਨੀ) ਵਿਲੀਅਮਜ਼ ਪੁਲਾੜ ਵਿਚ ਨੌਂ ਮਹੀਨੇ ਬਿਤਾਉਣ ਮਗਰੋਂ ਆਖ਼ਿਰਕਾਰ ਧਰਤੀ ‘ਤੇ ਪਰਤਣ ਵਾਲੇ ਹਨ। ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਵਿਲੀਅਮਜ਼ ਨੂੰ ਅਗਲੇ ਹਫ਼ਤੇ ਤੱਕ ਉਨ੍ਹਾਂ ਦੀ ਥਾਂ ਹੋਰ ਪੁਲਾੜ ਯਾਤਰੀ ਦੇ ਆਉਣ ਅਤੇ ਉਸ ਦੇ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਤੱਕ ਉਡੀਕ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਉਹ ਇਸ ਮਹੀਨੇ ਦੇ ਅਖ਼ੀਰ ਵਿਚ ਪੁਲਾੜ ਸਟੇਸ਼ਨ ਵਿਚੋਂ ਬਾਹਰ ਨਿਕਲ ਸਕਣਗੇ। ਮੀਡੀਆ ਨਾਲ ਗੱਲਬਾਤ ਦੌਰਾਨ ਵਿਲਮੋਰ ਨੇ ਕਿਹਾ ਕਿ ਸਿਆਸਤ ਜ਼ਿੰਦਗੀ ਦਾ ਹਿੱਸਾ ਹੈ ਪਰ ਇਸ ਨੇ ਉਸ ਦੀ ਅਤੇ ਵਿਲੀਅਮਜ਼ ਦੀ ਵਾਪਸੀ ਵਿਚ ਕੋਈ ਭੂਮਿਕਾ ਨਹੀਂ ਨਿਭਾਈ। ਹਾਲਾਂਕਿ, ‘ਸਪੇਸਐੱਕਸ ਕੈਪਸੂਲ’ ‘ਚ ਬਦਲਾਅ ਕਾਰਨ ਉਨ੍ਹਾਂ ਦੀ ਵਾਪਸੀ ਦਾ ਸਮਾਂ ਕੁਝ ਹਫ਼ਤੇ ਹੋਰ ਲਟਕ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ‘ਸਪੇਸਐੱਕਸ’ ਦੇ ਮਾਲਕ ਐਲਨ ਮਸਕ ਨੇ ਜਨਵਰੀ ਵਿਚ ਕਿਹਾ ਸੀ ਕਿ ਉਹ ਪੁਲਾੜ ਯਾਤਰੀਆਂ ਦੀ ਵਾਪਸੀ ‘ਚ ਤੇਜ਼ੀ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਇਸ ਦੇਰੀ ਲਈ ਪਿਛਲੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।