ਚੰਡੀਗੜ੍ਹ, 18 ਜੂਨ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ‘ਚ ਈ.ਵੀ.ਐੱਮ. ਨੂੰ ਹੈਕ ਕਰਨ ਦੇ ਲਾਏ ਦੋਸ਼ਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਸਿਰਫ਼ ਪੰਜਾਬ ਹੀ ਨਹੀਂ, ਦੇਸ਼ ਭਰ ‘ਚ ਵੋਟਿੰਗ ਦੇ ਜਾਰੀ ਅੰਕੜਿਆਂ ‘ਚ ਭਾਰੀ ਫ਼ਰਕ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਕਿਹਾ ਕਿ ਉਹ ਸਿਰਫ਼ ਪੰਜਾਬ ‘ਚ ਹੀ ਬੇਮੇਲ ਰਹੱਸ ਦੀ ਗੱਲ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ ਤੇ ਅੰਤਿਮ ਅੰਕੜਿਆਂ ਵਿਚਲਾ ਫ਼ਰਕ 12 ਫ਼ੀਸਦੀ ਹੈ, ਜੋ ਜੇਤੂ ਤੇ ਹਾਰਨ ਵਾਲੇ ਉਮੀਦਵਾਰਾਂ ‘ਚ ਜਿੱਤ-ਹਾਰ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਫ਼ਰਕ ਰਿਹਾ, ਓਨੀਆਂ ਹੀ ਭਾਜਪਾ ਦੀਆਂ ਸੀਟਾਂ ਵੱਧ ਆਈਆਂ।
ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਤੇ ਫਿਰ ਜਾਰੀ ਕੀਤੇ ਅੰਤਿਮ ਅੰਕੜਿਆਂ ‘ਚ 6.94 ਫ਼ੀਸਦੀ ਦਾ ਫ਼ਰਕ ਹੈ ਤੇ ਇਹ ਸਿਰਫ਼ ਈ.ਵੀ.ਐੱਮ. ਦੇ ਅੰਕੜਿਆਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਮਾਲ ਇਹ ਹੈ ਕਿ ਸੂਬੇ ‘ਚ ਭਾਜਪਾ ਦਾ ਵੋਟ ਸ਼ੇਅਰ ਵਧ ਕੇ 18.56 ਫ਼ੀਸਦੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਵੀ ਅਹਿਮ ਇਹ ਹੈ ਕਿ ਚੋਣ ਕਮਿਸ਼ਨ ਨੇ 25 ਮਈ ਨੂੰ ਸੁਪਰੀਮ ਕੋਰਟ ‘ਚ ਕਿਹਾ ਸੀ ਕਿ ਈ.ਵੀ.ਐੱਮ. ਦੀ ਗਿਣਤੀ ‘ਚ ਕੋਈ ਫ਼ਰਕ ਨਹੀਂ ਆ ਸਕਦਾ ਕਿਉਂਕਿ ਮਸ਼ੀਨਾਂ ‘ਚ ਕੋਈ ਗੜਬੜ ਨਹੀਂ ਹੋ ਸਕਦੀ।
ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਚੋਣ ਕਮਿਸ਼ਨ ਵੱਲੋਂ ਕੀਤੇ ਦਾਅਵੇ ਨੂੰ ਹੈਰਾਨੀਜਨਕ ਤੇ ਨਾ ਮੰਨਣਯੋਗ ਕਰਾਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਤਾਂ ਜਾਰੀ ਕੀਤੀ ਪਰ ਕਿਹਾ ਕਿ ਇੰਨੇ ਘੱਟ ਸਮੇਂ ‘ਚ ਅਸਲ ਗਿਣਤੀ ਨਹੀਂ ਦੱਸੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਅਸਲ ਅੰਕੜੇ ਹੀ ਪਤਾ ਨਹੀਂ, ਤਾਂ ਫਿਰ ਵੋਟ ਫ਼ੀਸਦੀ ਦੀ ਦਰ ਕੱਢਣੀ ਕਿਵੇਂ ਸੰਭਵ ਹੈ? ਜਦੋਂ ਤੁਹਾਨੂੰ ਅੰਕੜੇ ਨਹੀਂ ਪਤਾ ਤਾਂ ਵੋਟ ਫ਼ੀਸਦੀ ਦਾ ਫ਼ੈਸਲਾ ਕਿਵੇਂ ਹੋਇਆ? ਕੀ ਇਨ੍ਹਾਂ ਨੇ ਨਵੇਂ ਗਣਿਤ ਦੀ ਖੋਜ ਕਰ ਲਈ ਹੈ?