#PUNJAB

ਸੁਖਬੀਰ ਬਾਦਲ ਨੂੰ ਸਪੱਸ਼ਟੀਕਰਨ ਲਈ ਦਿੱਤੀ ਮਿਆਦ ‘ਚ 20 ਦਿਨਾਂ ਦਾ ਵਾਧਾ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੀ ਮੀਟਿੰਗ ‘ਚ ਲਿਆ ਗਿਆ ਫੈਸਲਾ
ਅੰਮ੍ਰਿਤਸਰ, 18 ਜੂਨ (ਪੰਜਾਬ ਮੇਲ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇਕ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਦਿੱਤੇ ਗਏ ਸਮੇਂ ਵਿਚ 20 ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਇਹ ਮੀਟਿੰਗ ਤਖਤ ਸਾਹਿਬ ਵਿਖੇ ਹੋਈ, ਜਿਸ ਵਿਚ ਜਥੇਦਾਰ ਤੇ ਹੈੱਡ ਗ੍ਰੰਥੀ ਗਿਆਨੀ ਬਲਦੇਵ ਸਿੰਘ, ਵਧੀਕ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ ਅਤੇ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਿਲ ਹੋਏ।
ਇਸ ਸਬੰਧ ਵਿਚ ਜਾਰੀ ਕੀਤੇ ਨਵੇਂ ਹੁਕਮ ਵਿਚ ਪੰਜ ਪਿਆਰਿਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮਾਂ ਵਧਾਉਣ ਦੀ ਕੀਤੀ ਗਈ ਅਪੀਲ ‘ਤੇ ਵਿਚਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਵਾਸਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹੁਕਮ ਦੀ ਉਲੰਘਣਾ ਹੋਣ ‘ਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਆਦੇਸ਼ ਦੀ ਕਾਪੀ ਸੁਖਬੀਰ ਸਿੰਘ ਬਾਦਲ ਨੂੰ ਵੀ ਭੇਜੀ ਗਈ ਹੈ।
ਉਨ੍ਹਾਂ ਲਿਖਿਆ ਕਿ ਇਸ ਤੋਂ ਪਹਿਲਾਂ 21 ਮਈ ਨੂੰ ਸ਼੍ਰੀ ਬਾਦਲ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਦਸ ਦਿਨ ਦਾ ਸਮਾਂ ਹੋਰ ਦਿੱਤਾ ਗਿਆ ਸੀ।
ਦੋ ਤਖਤਾਂ ਵਿਚਾਲੇ ਬਣੇ ਆਪਸੀ ਟਕਰਾਅ ਦੀ ਸਥਿਤੀ ਨੂੰ ਹੱਲ ਕਰਨ ਦੇ ਮੰਤਵ ਨਾਲ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਬੀਤੇ ਦਿਨੀਂ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕਰਕੇ ਵੀ ਆਇਆ ਹੈ, ਜਿਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ।