-ਅਕਾਲੀ ਦਲ ‘ਚ ਕੀਤਾ ਆਪਣੀ ਪਾਰਟੀ ਦਾ ਰਲੇਵਾਂ
– ਸੁਖਬੀਰ ਬਾਦਲ ਵੱਲੋਂ ਪਾਰਟੀ ਛੱਡਣ ਵਾਲਿਆਂ ਨੂੰ ਘਰ ਵਾਪਸੀ ਦਾ ਸੱਦਾ
ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਾਰਣ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਛੇ ਸਾਲ ਬਾਅਦ ਘਰ ਵਾਪਸੀ ਕਰ ਲਈ ਹੈ। ਅਕਾਲੀ ਦਲ ਵਿਚ ਵਾਪਸੀ ਕਰਦਿਆਂ ਢੀਂਡਸਾ ਨੇ ਅਕਾਲੀ ਦਲ ‘ਚ ਆਪਣੀ ਪਾਰਟੀ ਦਾ ਰਲੇਵਾਂ ਕਰ ਦਿੱਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਜੋ ਹਾਲਾਤ ਬਣ ਗਏ ਹਨ, ਅਜਿਹੇ ‘ਚ ਇੱਕੋ ਮੰਗ ਹੈ ਕਿ ਪੰਥ ਨੂੰ ਮਜ਼ਬੂਤ ਕੀਤਾ ਜਾਵੇ। ਇਹ ਤਾਂ ਹੀ ਹੋਵੇਗਾ ਕਿ ਜੇ ਅਸੀਂ ਇਕੱਠੇ ਹੋਵਾਂਗੇ। ਸ਼੍ਰੋਮਣੀ ਅਕਾਲੀ ਦਲ ਪੰਥ ਦਾ ਸਿਆਸੀ ਵਿੰਗ ਹੈ, ਜੇ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇਗਾ, ਤਾਂ ਇਸ ਨਾਲ ਪੰਥ ਤਗੜਾ ਹੋਵੇਗਾ। ਅੱਜ ਜੋ ਪੰਜਾਬ ਦਾ ਹਾਲ ਹੈ ਇਸ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੇਰਾ ਪੁੱਤਰ ਵਰਗਾ ਹੈ, ਮੈਂ ਹੀ ਇਨ੍ਹਾਂ ਨੂੰ ਪ੍ਰਮੋਟ ਕੀਤਾ ਸੀ, ਉਨ੍ਹਾਂ ਦੀ ਸੁਖਬੀਰ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਜਿਹੜੇ ਵੀ ਮਸਲੇ ਹਨ ਉਨ੍ਹਾਂ ਨੂੰ ਬੈਠ ਕੇ ਹੱਲ ਕਰ ਲਿਆ ਜਾਵੇਗਾ। ਪੰਥ ਨੂੰ ਨੀਂਹਾਂ ‘ਤੇ ਲੈ ਕੇ ਆਉਣਾ ਇਹੋ ਮਕਸਦ ਹੈ।
ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਪੰਜਾਬ ਦੀ ਅਸੈਂਬਲੀ ਵਿਚ ਦੇਖ ਲਏ ਹਨ। ਰੋਜ਼ਾਨਾ ਪੰਜਾਬ ਵਿਚ ਵਾਰਦਾਤਾਂ ਹੋ ਰਹੀਆਂ ਹਨ। ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਮੁੱਖ ਪਾਰਟੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਕੱਠੇ ਹੋਈਏ ਅਤੇ ਪੰਜਾਬ ਦੇ ਭਲੇ ਲਈ ਕੰਮ ਕਰੀਏ। ਸ. ਢੀਂਡਸਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਢਾਂਚੇ ਦਾ ਮੁੜ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੁਆਫ਼ੀ ਮੰਗੀ ਸੀ, ਉਸ ਸਮੇਂ ਅਸੀਂ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਬਣਾਈ, ਜਿਸ ਨੇ ਸਾਰੇ ਪੰਜਾਬ ਵਿਚ ਜਾ ਕੇ ਵਰਕਰਾਂ ਦੀ ਫੀਡ ਬੈਕ ਲਈ, ਜਿਸ ਵਿਚ ਬਹੁਗਿਣਤੀ ਵਰਕਰਾਂ ਨੇ ਇਹੋ ਕਿਹਾ ਕਿ ਜਦੋਂ ਤੱਕ ਦੋਵੇਂ ਧੜੇ ਇਕੱਠੇ ਨਹੀਂ ਹੁੰਦੇ, ਉਦੋਂ ਤਕ ਕੁੱਝ ਨਹੀਂ ਹੋ ਸਕਦਾ। ਇਸ ਤੋਂ ਬਾਅਦ ਮੀਟਿੰਗ ਬੁਲਾ ਕੇ ਸਾਰਿਆਂ ਨਾਲ ਮਸ਼ਵਰਾ ਕੀਤਾ ਗਿਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਸ. ਢੀਂਡਸਾ ਪਰਿਵਾਰ ਦੀ ਪਾਰਟੀ ‘ਚ ਵਾਪਸੀ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਛੱਡ ਕੇ ਗਏ ਸਾਰੇ ਆਗੂਆਂ ਨੂੰ ਉਹ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਹ ਗਿਲੇ ਸ਼ਿਕਵੇ ਭੁਲਾ ਕੇ ਵਾਪਸ ਆ ਜਾਣ। ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਦਲ ਹੀ ਖੇਤਰੀ ਪਾਰਟੀ ਹੈ, ਬਾਕੀ ਸਾਰੀਆਂ ਪਾਰਟੀਆਂ ਪੰਜਾਬ ਤੋਂ ਬਾਹਰੀ ਹਨ। ਸ਼੍ਰੋਮਣੀ ਅਕਾਲੀ ਨੇ ਪੰਜਾਬ ਲਈ ਵੱਡੀਆਂ ਲੜਾਈਆਂ ਲੜੀਆਂ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਗਭਗ 40-50 ਸਾਲ ਤੱਕ ਅਗਵਾਈ ਕੀਤੀ। ਇਸ ਸੰਘਰਸ਼ ਭਰੇ ਸਫਰ ਵਿਚ ਸ. ਢੀਂਡਸਾ ਸਾਹਿਬ, ਭੂੰਦੜ ਸਾਹਿਬ, ਬ੍ਰਹਮਪੁਰਾ ਵਰਗੇ ਭਰਾਵਾਂ ਨੇ ਡੱਟਵਾਂ ਸਾਥ ਦਿੱਤਾ ਅਤੇ ਆਪਣੀ ਸਖ਼ਤ ਮਿਹਨਤ ਸਦਕਾ ਤਿਨਕਾ-ਤਿਨਕਾ ਕਰਕੇ ਪਾਰਟੀ ਇਕੱਠੀ ਕੀਤੀ। ਇਨ੍ਹਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਹੀ ਅਕਾਲੀ ਦਲ ਬਣਿਆ ਸੀ। ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪਰਿਵਾਰ ਦਾ ਅਕਾਲੀ ਦਲ ਨੂੰ ਖੜ੍ਹਾ ਕਰਨ ਵਿਚ ਵੱਡਾ ਯੋਗਦਾਨ ਹੈ। ਬਾਦਲ ਸਾਹਿਬ ਤੋਂ ਬਾਅਦ ਸੁਖਦੇਵ ਢੀਂਡਸਾ ਸਭ ਤੋਂ ਸੀਨੀਅਰ ਹਨ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸਨ, ਹੁਣ ਢੀਂਡਸਾ ਸਾਹਿਬ ਅਕਾਲੀ ਦਲ ਦੇ ਸਰਪ੍ਰਸਤ ਦੀ ਸੇਵਾ ਸੰਭਾਲ ਕੇ ਪਾਰਟੀ ਨੂੰ ਮਾਰਗ ਦਰਸ਼ਕ ਕਰਦੇ ਰਹਿਣ।
ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਛੱਡ ਕੇ ਗਏ ਆਗੂਆਂ ਤੋਂ ਉਹ ਹੱਥ ਜੋੜ ਕੇ ਮੁਆਫੀ ਮੰਗਦੇ ਹਨ। ਉਹ ਗੁੱਸੇ-ਗਿਲੇ ਭੁਲਾ ਕੇ ਪੰਜਾਬ ਤੇ ਕੌਮ ਨੂੰ ਬਚਾਉਣ ਲਈ ਅੱਗੇ ਆਉਣ। ਜੇ ਇਕੱਠੇ ਹੋਵਾਂਗੇ ਤਾਂ ਹੀ ਮੁਕਾਬਲਾ ਕਰ ਸਕਾਂਗੇ। ਇਕੱਠੇ ਹੋ ਕੇ ਵੱਡੀ ਤਾਕਤ ਬਣ ਕੇ ਮੈਦਾਨ ਵਿਚ ਆਵਾਂਗੇ। ਇਸ ਦੌਰਾਨ ਸੁਖਬੀਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਵੱਡੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਇਹੋ ਜਿਹਾ ਨਿਕੰਮਾ ਮੁੱਖ ਮੰਤਰੀ ਪੰਜਾਬ ਨਹੀਂ, ਸਗੋਂ ਹਿੰਦੁਸਤਾਨ ਦੇ ਇਤਿਹਾਸ ਵਿਚ ਨਹੀਂ ਹੋਇਆ ਹੈ। ਮੁੱਖ ਮੰਤਰੀ ਨੂੰ ਨਾ ਅਸੈਂਬਲੀ ਦੀ ਮਰਿਆਦਾ ਦਾ ਪਤਾ ਹੈ ਤੇ ਨਾ ਹੀ ਪਰੋਟੋਕੋਲ ਦਾ, ਜੇ ਉਨ੍ਹਾਂ ਨੂੰ ਸਿਸਟਮ ਦਾ ਨਹੀਂ ਪਤਾ, ਤਾਂ 25 ਸਾਲ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਪੁਰਾਣੀਆਂ ਵੀਡੀਓ ਦੇਖ ਲੈਣ ਕਿ ਕਿਵੇਂ ਮੁੱਖ ਮੰਤਰੀ ਦਾ ਲਹਿਜ਼ਾ ਹੁੰਦਾ ਹੈ। ਪੰਜਾਬ ਸਰਕਾਰ ਨੇ ਅੱਜ ਦੋ ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਪਰ ਇਸ ਬਜਟ ਵਿਚ ਵੀ ਔਰਤਾਂ ਨੂੰ 1000 ਰੁਪਏ ਨਹੀਂ ਦਿੱਤਾ ਗਿਆ। ਨੌਜਵਾਨਾਂ ਲਈ ਬਜਟ ਵਿਚ ਕੁੱਝ ਨਹੀਂ, ਇਸ ਬਜਟ ਨੇ ਸੂਬਾ ਤਬਾਹ ਕਰ ਦਿੱਤਾ ਹੈ।