#PUNJAB

ਸੀ.ਬੀ.ਆਈ. ਅਦਾਲਤ ਵੱਲੋਂ ਆਈ.ਜੀ. ਚੀਮਾ ਤੇ ਹੋਰਾਂ ਨੂੰ 8 ਮਹੀਨੇ ਦੀ ਸਜ਼ਾ

-ਅਗਵਾ ਤੇ ਹੋਰ ਅਪਰਾਧਿਕ ਮਾਮਲਿਆਂ ‘ਚ ਸੁਣਾਈ ਸਜ਼ਾ; ਜ਼ਮਾਨਤ ਮਨਜ਼ੂਰ
ਐੱਸ.ਏ.ਐੱਸ. ਨਗਰ (ਮੁਹਾਲੀ), 21 ਦਸੰਬਰ (ਪੰਜਾਬ ਮੇਲ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇੱਕ ਅਪਰਾਧਿਕ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਆਈ.ਜੀ. ਗੌਤਮ ਚੀਮਾ ਨੂੰ ਅੱਠ ਮਹੀਨੇ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨਾਲ ਅਜੈ ਚੌਧਰੀ, ਰਸ਼ਮੀ ਨੇਗੀ, ਵਰੁਨ ਉਤਰੇਜਾ, ਵਿੱਕੀ ਵਰਮਾ ਅਤੇ ਆਰੀਅਨ ਸਿੰਘ ਨੂੰ ਵੀ ਸ਼ਜਾ ਸੁਣਾਈ ਗਈ ਹੈ। ਆਈ.ਜੀ. ਸਮੇਤ ਹੋਰ ਵਿਅਕਤੀਆਂ ਨੂੰ ਧਾਰਾ 225 ਤਹਿਤ 8 ਮਹੀਨੇ ਦੀ ਕੈਦ ਅਤੇ 5000 ਹਜ਼ਾਰ ਰੁਪਏ ਜੁਰਮਾਨਾ, ਧਾਰਾ 120-ਬੀ ਤਹਿਤ 3 ਮਹੀਨੇ ਦੀ ਕੈਦ ਤੇ 1000 ਰੁਪਏ ਜੁਰਮਾਨਾ, ਧਾਰਾ 186 ਤਹਿਤ 3 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਈ.ਜੀ. ਗੌਤਮ ਚੀਮਾ ਸਮੇਤ ਬਾਕੀ ਵਿਅਕਤੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਉਨ੍ਹਾਂ ਵੱਲੋਂ ਫ਼ੈਸਲੇ ਨੂੰ ਉੱਚ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ। ਆਈ.ਜੀ. ਦੇ ਵਕੀਲ ਤਰਮਿੰਦਰ ਸਿੰਘ ਨੇ ਦੱਸਿਆ ਕਿ ਪੁਖ਼ਤਾ ਸਬੂਤ ਨਾ ਹੋਣ ਕਾਰਨ ਗੌਤਮ ਚੀਮਾ ਅਤੇ ਹੋਰਾਂ ਨੂੰ ਧਾਰਾ 365, 323, 506, 452 ਤਹਿਤ ਦਰਜ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ ਬਾਕੀ ਧਾਰਾਵਾਂ 225, 120ਬੀ ਅਤੇ 186 ਤਹਿਤ ਸਜ਼ਾ ਸੁਣਾਈ ਗਈ ਹੈ। ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਜਲਦੀ ਹੀ ਫ਼ੈਸਲੇ ਵਿਰੁੱਧ ਉੱਚ ਅਦਾਲਤ ਵਿਚ ਅਪੀਲ ਦਾਇਰ ਕਰਨਗੇ।
ਮੁਹਾਲੀ ਦੇ ਥਾਣਾ ਫੇਜ਼-1 ਵਿਚ ਆਈ.ਜੀ. ਗੌਤਮ ਚੀਮਾ ‘ਤੇ ਪੁਲਿਸ ਹਿਰਾਸਤ ‘ਚੋਂ ਮੁਲਜ਼ਮ ਸੁਮੇਧ ਗੁਲਾਟੀ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਦਾ ਪਰਚਾ ਦਰਜ ਹੈ। ਚੀਮਾ ‘ਤੇ ਦੋਸ਼ ਕਿ 26 ਅਗਸਤ, 2014 ਨੂੰ ਸ਼ਰਾਬ ਦੇ ਨਸ਼ੇ ਵਿਚ ਉਹ ਥਾਣੇ ਆਇਆ ਸੀ ਅਤੇ ਸੁਮੇਧ ਗੁਲਾਟੀ ਨੂੰ ਜਬਰੀ ਪੁਲਿਸ ਹਿਰਾਸਤ ‘ਚੋਂ ਆਪਣੇ ਨਾਲ ਲੈ ਗਿਆ ਸੀ। ਇਸੇ ਤਰ੍ਹਾਂ ਦੂਜਾ ਮਾਮਲਾ ਥਾਣਾ ਮਟੌਰ ਵਿਚ ਦਰਜ ਹੈ, ਜਿਸ ਵਿਚ ਸੈਕਟਰ-70 ਦੀ ਇੱਕ ਔਰਤ ਨੇ ਦੋਸ਼ ਲਾਇਆ ਸੀ ਕਿ 20 ਮਾਰਚ, 2020 ਦੀ ਰਾਤ ਚੀਮਾ, ਅਜੈ ਚੌਧਰੀ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਨਸ਼ੇ ਵਿਚ ਉਨ੍ਹਾਂ ਦੇ ਘਰ ਆਏ ਅਤੇ ਸਭ ਦੇ ਸਾਹਮਣੇ ਉਸ ਨਾਲ ਕਥਿਤ ਤੌਰ ‘ਤੇ ਛੇੜਛਾੜ ਕੀਤੀ ਸੀ। ਬਾਅਦ ਵਿਚ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਸੀ ਅਤੇ ਪੀੜਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ। ਸੀ.ਬੀ.ਆਈ. ਨੇ ਗੌਤਮ ਚੀਮਾ ਅਤੇ ਹੋਰਾਂ ਵਿਰੁੱਧ ਪਰਚਾ ਦਰਜ ਕੀਤਾ ਸੀ ਅਤੇ 31 ਦਸੰਬਰ, 2020 ਨੂੰ ਛੇ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ। ਇਸ ਮਾਮਲੇ ਦੀ ਚਾਰਜਸ਼ੀਟ ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਚ ਦਾਖ਼ਲ ਕੀਤੀ ਗਈ ਸੀ।

ਸੀ.ਬੀ.ਆਈ. ਅਦਾਲਤ ਵੱਲੋਂ ਆਈ.ਜੀ. ਚੀਮਾ ਤੇ ਹੋਰਾਂ ਨੂੰ 8 ਮਹੀਨੇ ਦੀ ਸਜ਼ਾ

3 ਸਾਲ ਦੇ ਭਰਾ ਨੇ 5 ਸਾਲ