#PUNJAB

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਵੱਲੋਂ ਡਾ. ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਪਟਿਆਲਾ, 30 ਜੂਨ (ਪੰਜਾਬ ਮੇਲ)- ਡਾ. ਰਤਨ ਸਿੰਘ ਜੱਗੀ ਦਾ ਜੀਵਨ ਸਾਹਿਤਕਾਰਾਂ ਅਤੇ ਨੌਜਵਾਨਾਂ ਲਈ ਪ੍ਰੇਰਨਾਸਰੋਤ ਦਾ ਕੰਮ ਕਰੇਗਾ। ਵਰਤਮਾਨ ਬੇਰੁਜ਼ਗਾਰੀ ਅਤੇ ਨੌਜਵਾਨਾਂ ‘ਚ ਨਿਰਾਸ਼ਾ ਵਾਲੇ ਸਮੇਂ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਸੰਸਕ੍ਰਿਤ ਦੇ ਸੰਸਾਰ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਜੱਦੋ-ਜਹਿਦ ਵਾਲਾ ਜੀਵਨ ਰਾਹ ਦਸੇਰਾ ਬਣ ਸਕਦਾ ਹੈ। ਡਾ. ਰਤਨ ਸਿੰਘ ਜੱਗੀ ਨੇ 1947 ਵਿਚ ਦੇਸ਼ ਦੀ ਵੰਡ ਸਮੇਂ ਲਹਿੰਦੇ ਪੰਜਾਬ ਵਿਚੋਂ ਆ ਕੇ ਇੱਕ ਸਿਪਾਹੀ ਦੀ ਨੌਕਰੀ ਸ਼ੁਰੂ ਕੀਤੀ ਸੀ, ਪ੍ਰੰਤੂ ਉਨ੍ਹਾਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਵਰਗੇ ਮਾਨ-ਸਨਮਾਨ ਦਿਵਾਏ ਅਤੇ ਉਨ੍ਹਾਂ ਨੇ ਅਨੇਕ ਆਰਥਿਕ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹੋਏ ਤਿੰਨ ਡੀ.ਲਿਟ ਦੀਆਂ ਡਿਗਰੀਆਂ ਅਤੇ 150 ਤੋਂ ਵੱਧ ਪੁਸਤਕਾਂ ਲਿਖਕੇ ਆਪਣਾ ਨਾਮ ਸਾਹਿਤਕ ਜਗਤ ਵਿਚ ਚਮਕਾਇਆ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਲਮ ਨਵੀਸ ਉਜਾਗਰ ਸਿੰਘ ਨੇ ਅਰਬਨ ਅਸਟੇਟ ਪਟਿਆਲਾ ਦੀ ਸੀਨੀਅਰ ਸਿਟੀਜਨ ਵੈੱਲਫੇਅਰ ਸੁਸਾਇਟੀ ਵੱਲੋਂ ਸੋਸਾਇਟੀ ਦੇ ਮੁੱਖ ਸਰਪ੍ਰਸਤ ਡਾ. ਰਤਨ ਸਿੰਘ ਜੱਗੀ ਦੀ ਯਾਦ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ‘ਚ ਮੁੱਖ ਵਕਤਾ ਦੇ ਤੌਰ ‘ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕੀਤਾ। ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾ ਦੇ ਫੁਲ ਭੇਂਟ ਕੀਤੇ। ਇਸ ਮੌਕੇ ‘ਤੇ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਰਾਜ ਸਿੰਘ ਪੰਨੂ ਨੇ ਵੀ ਡਾ. ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਆਏ ਮਹਿਮਾਨਾਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਡਾ. ਵਿਸ਼ਵ ਗੋਇਲ ਮਨੀਪਾਲ ਹਸਪਤਾਲ ਪਟਿਆਲਾ ਨੇ ਹੱਡੀਆਂ ਦੀਆਂ ਬਿਮਾਰੀਆਂ ਦੇ ਬਚਾਓ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮਹੀਨੇ ਜਿਹੜੇ ਮੈਂਬਰਾਂ ਦੇ ਜਨਮ ਸਨ, ਉਨ੍ਹਾਂ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ।