#PUNJAB

ਸੀਨੀਅਰ ਆਈ.ਏ.ਐੱਸ. ਵੀ.ਕੇ. ਸਿੰਘ ਨੇ ਭਗਵੰਤ ਮਾਨ ਦੇ ਨਵੇਂ Special Chief Secretary ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 1 ਜਨਵਰੀ (ਪੰਜਾਬ ਮੇਲ)- ਸੀਨੀਅਰ ਆਈ.ਏ.ਐੱਸ. ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਅੱਗੇ ਵਧਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਸਾਫ਼-ਸੁਥਰਾ, ਕੁਸ਼ਲ, ਪ੍ਰਭਾਵੀ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ‘ਤੇ ਜ਼ੋਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਕੋਲ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ‘ਤੇ ਕੰਮ ਕਰਨ ਦਾ 33 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ। ਕੌਮੀ ਮੀਡੀਆ ਮੁਤਾਬਕ ਪੰਜਾਬ ਸਰਕਾਰ ਵੱਲੋਂ ਹੀ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਗਈ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਵੀ ਕਰ ਲਿਆ। ਨਿਯੁਕਤੀਆਂ ਲਈ ਬਣਾਈ ਕੇਂਦਰੀ ਕੈਬਨਿਟ ਕਮੇਟੀ ਨੇ ਪਿਛਲੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦਿੱਤੀ ਸੀ। ਪੰਜਾਬ ਸਰਕਾਰ ਤਜ਼ਰਬੇਕਾਰ ਪ੍ਰਸ਼ਾਸਨਿਕ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੀ ਹੈ। ਇਸ ਸਾਲ ਜੁਲਾਈ ‘ਚ ਜਦੋਂ ਤੋਂ ਏ.ਵੇਣੂ. ਪ੍ਰਸਾਦ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ ਹਨ, ਉਦੋਂ ਤੋਂ ਵਿਸ਼ੇਸ਼ ਮੁੱਖ ਸਕੱਤਰ ਦਾ ਅਹੁਦਾ ਖਾਲੀ ਚੱਲ ਰਿਹਾ ਸੀ।
ਦੱਸਣਯੋਗ ਹੈ ਕਿ 1990 ਬੈਚ ਦੇ ਅਧਿਕਾਰੀ ਵੀ.ਕੇ. ਸਿੰਘ ਭਾਰਤੀ ਰੱਖਿਆ ਮੰਤਰਾਲੇ ਵਿਚ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ। ਜਿੱਥੇ ਉਹ ਸਾਬਕਾ ਸੈਨਿਕਾਂ ਦੇ ਵਿਭਾਗ ਦੀ ਦੇਖ-ਰੇਖ ਕਰ ਰਹੇ ਸਨ। ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਵੀ.ਕੇ. ਸਿੰਘ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਰੱਖਿਆ ਮੰਤਰਾਲੇ ਦੇ ਸਕੱਤਰ ਬਣਨ ਤੋਂ ਪਹਿਲਾਂ ਉਹ ਅਮਲਾ ਅਤੇ ਸਿਖਲਾਈ ਵਿਭਾਗ ਵਿਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਵੀ.ਕੇ. ਸਿੰਘ ਸਾਲ 2017 ਤੋਂ ਕੇਂਦਰੀ ਡੈਪੂਟੇਸ਼ਨ ‘ਤੇ ਹਨ, ਇਸ ਸਮੇਂ ਵਿਨੀ ਮਹਾਜਨ ਤੋਂ ਬਾਅਦ ਉਹ ਸਭ ਤੋਂ ਸੀਨੀਅਰ ਅਧਿਕਾਰੀ ਹਨ। ਜਦੋਂਕਿ ਸੂਬੇ ਦੇ ਮੁੱਖ ਸਕੱਤਰ ਦਾ ਅਹੁਦਾ ਇਸ ਵੇਲੇ 1993 ਬੈਚ ਦੇ ਆਈ.ਏ.ਐੱਸ. ਅਧਿਕਾਰੀ ਅਨੁਰਾਗ ਵਰਮਾ ਕੋਲ ਹੈ, ਜਿਨ੍ਹਾਂ ਤੋਂ ਵੀ.ਕੇ. ਸਿੰਘ ਤਿੰਨ ਸਾਲ ਸੀਨੀਅਰ ਹਨ।