#INDIA

ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਬਾਰੇ ਕੈਨੇਡਾ ਤੋਂ ਪਰਤੇ ਹਾਈ ਕਮਿਸ਼ਨਰ ਦਾ ਵੱਡਾ ਖ਼ੁਲਾਸਾ

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਮੇਲ)- ਭਾਰਤ ਵੱਲੋਂ ਵਾਪਸ ਬੁਲਾਏ ਗਏ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਹੈ ਕਿ ਕੈਨੇਡਾ ਨੇ ਅਚਾਨਕ ਸਰਗਰਮ ਗੈਂਗਸਟਰ ਗੋਲਡੀ ਬਰਾੜ ਦਾ ਨਾਂ Wanted ਮੁਲਜ਼ਮਾਂ ਦੀ ਲਿਸਟ ਵਿਚੋਂ ਹਟਾ ਦਿੱਤਾ।  ਇੰਟਰਵਿਊ ਦੌਰਾਨ ਵਰਮਾ ਨੇ ਕਿਹਾ ਕਿ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬਰਾੜ ਦੇ ਨਾਂ ਸਾਂਝੇ ਕੀਤੇ ਸਨ, ਜਿਸ ਨੇ ਬਰਾੜ ਦਾ ਨਾਂ Wanted ਲਿਸਟ ਵਿਚ ਪਾ ਦਿੱਤਾ ਸੀ। 

 

ਉਨ੍ਹਾਂ ਕਿਹਾ ਕਿ ਬਰਾੜ ਕੈਨੇਡਾ ਵਿਚ ਇਕ ਗਿਰੋਹ ਚਲਾਉਂਦਾ ਸੀ, ਪਰ ਉਸ ਦੇਸ਼ ਵਿਚ ਅਜਿਹੇ ਕਈ ਸਮੂਹ ਹਨ, ਜਿਨ੍ਹਾਂ ਦੀ ਪਹੁੰਚ ਅੰਤਰਰਾਸ਼ਟਰੀ ਪੱਧਰ ‘ਤੇ ਨਹੀਂ ਹੈ, ਪਰ ਉਨ੍ਹਾਂ ਦਾ ਪ੍ਰਭਾਅ ਪੂਰੇ ਕੈਨੇਡਾ ਵਿਚ ਹੈ। ਵਰਮਾ ਨੇ ਕਿਹਾ ਕਿ. “ਗੋਲਡੀ ਬਰਾੜ ਕੈਨੇਡਾ ਵਿਚ ਰਹਿ ਰਿਹਾ ਸੀ। ਸਾਡੀ ਅਪੀਲ ‘ਤੇ ਉਸ ਦਾ ਨਾਂ Wanted ਲਿਸਟ ਵਿਚ ਪਾ ਦਿੱਤਾ ਗਿਆ ਸੀ। ਪਰ ਅਚਾਨਕ ਉਸ ਦਾ ਨਾਂ Wanted ਲਿਸਟ ‘ਚੋਂ ਗਾਇਬ ਹੋ ਗਿਆ। ਮੈਂ ਇਸ ਦਾ ਕੀ ਮਤਲਬ ਕੱਢਾਂ? ਜਾਂ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਉਹ ਹੁਣ Wanted ਨਹੀਂ ਹੈ।

 

ਮੰਨਿਆ ਜਾਂਦਾ ਹੈ ਕਿ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਤੇ ਮਈ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਉਹ ਚਰਚਾ ਵਿਚ ਆਇਆ। ਹਾਲਾਂਕਿ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਵੱਖ-ਵੱਖ ਗਿਰੋਹ ਚਲਾ ਰਹੇ ਹਨ। ਵਰਮਾ ਨੇ ਕਿਹਾ ਕਿ ਭਾਰਤ ਨੇ ਬਰਾੜ ਅਤੇ ਬਿਸ਼ਨੋਈ ਦੇ ਨਾਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਦੇ ਨਾਲ ਸਾਂਝੇ ਕੀਤੇ ਸਨ।