ਜਲੰਧਰ, 20 ਜੁਲਾਈ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਅੱਜ ਵੀ ਉਨ੍ਹਾਂ ਦੇ ਨਾਂ ‘ਤੇ ਕਈ ਰਿਕਾਰਡ ਬਣ ਰਹੇ ਹਨ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗੀਤ ‘Drippy’ ਨੂੰ ਮਿਊਜ਼ਿਕ ਕੈਨੇਡਾ ਦਾ ਗੋਲਡਨ ਸਰਟੀਫਿਕੇਟ ਮਿਲਿਆ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਅੱਜ ਵੀ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਉਪਲਬਧੀ ਦਰਜ ਹੋ ਗਈ ਹੈ, ਜਿਸ ਨੂੰ ਜਾਨਣ ਮਗਰੋਂ ਸਿੱਧੂ ਦੇ ਫੈਨਜ਼ ਕਾਫ਼ੀ ਖੁਸ਼ ਹਨ। ਸਿੱਧੂ ਮੂਸੇਵਾਲਾ ਦੇ ਗੀਤ ‘ਡ੍ਰਿਪੀ’ ਨੂੰ ਮਿਊਜ਼ਿਕ ਕੈਨੇਡਾ ਵੱਲੋਂ ਗੋਲਡਨ ਸਰਟੀਫਿਕੇਟ ਮਿਲੀਆ ਹੈ। ਇਹ ਸਨਮਾਨ ਪ੍ਰਾਪਤ ਕਰਕੇ ਸਿੱਧੂ ਮੂਸੇਵਾਲਾ ਨੇ ਇੱਕ ਹੋਰ ਉੱਚਾਈ ਹਾਸਲ ਕੀਤੀ ਹੈ। ‘ਡ੍ਰਿਪੀ’ ਗੀਤ ਨੂੰ ਮਹਿਜ਼ ਪੰਜਾਬ ਤੇ ਕੈਨੇਡਾ ‘ਚ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਮਿਊਜ਼ਿਕਲ ਲਵਰਸ ਵੀ ਕਾਫ਼ੀ ਪਸੰਦ ਕਰਦੇ ਹਨ।
ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਗਾਇਕ ਦੇ ਗੀਤ ਨੂੰ ਗੋਲਡਨ ਸਰਟੀਫਿਕੇਟ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ। ਵੱਡੀ ਗਿਣਤੀ ‘ਚ ਫੈਨਜ਼ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਫੈਨਜ਼ ਨੇ ਕੁਮੈਂਟ ਕਰਦਿਆਂ ਗਾਇਕ ਲਈ ਇਨਸਾਫ਼ ਦੀ ਮੰਗ ਕੀਤੀ ਤੇ ਲਿਖਿਆ, Legends Never Die।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ ਵਿਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ।