#INDIA

ਸਿੱਖ ਵਿਰੋਧੀ ਦੰਗੇ: ਦਿੱਲੀ ਹਾਈ ਕੋਰਟ ਵੱਲੋਂ ਟਾਈਟਲਰ ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ

ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਦਿੱਲੀ ਦੰਗਿਆਂ ਦੌਰਾਨ ਤਿੰਨ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਪਟੀਸ਼ਨ ‘ਤੇ 29 ਨਵੰਬਰ ਨੂੰ ਸੁਣਵਾਈ ਕਰੇਗੀ, ਜਿਸ ਵਿਚ ਟਾਈਟਲਰ ਨੇ ਆਪਣੇ ‘ਤੇ ਹੱਤਿਆ ਦੇ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ। ਇਹ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਦੇ ਪੁਲ ਬੰਗਸ਼ ਖੇਤਰ ਵਿਚ ਤਿੰਨ ਲੋਕਾਂ ਦੀ ਹੱਤਿਆ ਨਾਲ ਸਬੰਧਤ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਟਾਈਟਲਰ ਦੇ ਵਕੀਲ ਨੂੰ ਕੁਝ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ, ਜੋ ਰਿਕਾਰਡ ‘ਤੇ ਨਹੀਂ ਸਨ। ਟਾਈਟਲਰ ਨੇ ਦਾਅਵਾ ਕੀਤਾ ਸੀ ਕਿ ਉਹ ਘਟਨਾ ਮੌਕੇ ਮੌਜੂਦ ਨਹੀਂ ਸੀ ਤੇ ਇਸ ਮਾਮਲੇ ਵਿਚ ਉਸ ਨੂੰ ਫਸਾਇਆ ਜਾ ਰਿਹਾ ਹੈ।