ਟੋਰਾਂਟੋ, 28 ਜੁਲਾਈ (ਪੰਜਾਬ ਮੇਲ)- ਇਸ ਸਾਲ ਮਈ ਮਹੀਨੇ ਇੱਕ ਇੰਡੋ-ਕੈਨੇਡੀਅਨ ਸਿੱਖ ਕਾਰੋਬਾਰੀ ਹਰਜੀਤ ਢੱਡਾ ਦੇ ਦਿਨ ਦਿਹਾੜੇ ਹੋਏ ਕਤਲ ਦੇ ਸਬੰਧ ਵਿਚ ਕੈਨੇਡੀਅਨ ਪੁਲਿਸ ਨੇ ਤੀਜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਰਵਾਰ ਨੂੰ ਇੱਕ ਬਿਆਨ ਵਿਚ ਪੀਲ ਰੀਜਨਲ ਪੁਲਿਸ (ਪੀ.ਆਰ.ਪੀ.) ਨੇ ਐਲਾਨ ਕੀਤਾ ਕਿ ਡੈਲਟਾ ਪੁਲਿਸ ਦੀ ਸਹਾਇਤਾ ਨਾਲ 22 ਸਾਲਾ ਸ਼ਾਹੀਲ ਨੂੰ 15 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਡੈਲਟਾ ਸ਼ਹਿਰ ਦਾ ਵਸਨੀਕ ਹੈ। ਉਸਨੂੰ ਓਨਟਾਰੀਓ ਵਾਪਸ ਲਿਆਂਦਾ ਗਿਆ ਅਤੇ ਉਸ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ।
ਇਹ ਦੋਸ਼ ਮਿਸੀਸਾਗਾ ਦੇ ਗੁਆਂਢੀ ਟਾਊਨਸ਼ਿਪ ਵਿਚ ਪਾਰਕਿੰਗ ਵਿਚ ਬਰੈਂਪਟਨ ਦੇ ਵਸਨੀਕ 51 ਸਾਲਾ ਢੱਡਾ ਦੀ ਹੱਤਿਆ ਨਾਲ ਸਬੰਧਤ ਹੈ, ਜੋ 14 ਮਈ ਨੂੰ ਵਾਪਰੀ ਸੀ। ਢੱਡਾ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਸੱਟਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਸਥਾਨਕ ਨੈੱਟਵਰਕ ਓਮਨੀ ਨੇ ਉਸ ਸਮੇਂ ਰਿਪੋਰਟ ਦਿੱਤੀ ਸੀ ਕਿ ਢੱਡਾ ਨੂੰ ਜਬਰੀ ਵਸੂਲੀ ਲਈ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਤਲ ਸਮੇਂ ਪੁਲਿਸ ਦਾ ਮੰਨਣਾ ਸੀ ਕਿ ਇਹ ”ਇੱਕ ਨਿਸ਼ਾਨਾ ਗੋਲੀਬਾਰੀ” ਸੀ। ਇਸ ਤੋਂ ਪਹਿਲਾਂ 28 ਮਈ ਨੂੰ ਪੁਲਿਸ ਨੇ ਢੱਡਾ ਦੇ ਕਤਲ ਦੇ ਸਬੰਧ ਵਿਚ ਦੋ 21 ਸਾਲਾ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪਛਾਣ ਸਿਰਫ਼ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ ਵਜੋਂ ਹੋਈ। ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਵੀ ਲੱਗੇ ਹਨ।
ਪੀ.ਆਰ.ਪੀ. ਦੇ ਡਿਪਟੀ ਚੀਫ਼ ਨਿੱਕ ਮਿਲਿਨੋਵਿਚ ਨੇ ਕਿਹਾ, ”ਇਹ ਤਾਜ਼ਾ ਗ੍ਰਿਫ਼ਤਾਰੀ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਵਿਚ ਸਾਡੇ ਪੁਲਿਸਿੰਗ ਭਾਈਵਾਲਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦੀ ਹਾਂ”।
ਸਿੱਖ ਕਾਰੋਬਾਰੀ ਹੱਤਿਆ ਮਾਮਲਾ; ਕੈਨੇਡਾ ਪੁਲਿਸ ਵੱਲੋਂ ਤੀਜਾ ਦੋਸ਼ੀ ਗ੍ਰਿਫ਼ਤਾਰ
