ਇਸਲਾਮਾਬਾਦ, 20 ਸਤੰਬਰ (ਪੰਜਾਬ ਮੇਲ)- ਭਾਰਤ ਵੱਲੋਂ ਸਿੰਧ ਜਲ ਸੰਧੀ ਦੀ ਨਜ਼ਰਸਾਨੀ ਲਈ ਪਾਕਿਸਤਾਨ ਨੂੰ ਰਸਮੀ ਨੋਟਿਸ ਦਿੱਤੇ ਜਾਣ ਮਗਰੋਂ ਪਾਕਿਸਤਾਨ ਨੇ ਕਿਹਾ ਕਿ ਉਹ ਸਮਝੌਤੇ ਨੂੰ ਅਹਿਮ ਸਮਝਦਾ ਹੈ ਅਤੇ ਆਸ ਜਤਾਈ ਕਿ ਭਾਰਤ ਵੀ ਸੰਧੀ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ। ਭਾਰਤ ਵੱਲੋਂ ਦਿੱਤੇ ਨੋਟਿਸ ‘ਤੇ ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਦੋਵੇਂ ਮੁਲਕਾਂ ‘ਚ ਸਿੰਧ ਜਲ ਕਮਿਸ਼ਨਰਾਂ ਦਾ ਤੰਤਰ ਹੈ ਅਤੇ ਸੰਧੀ ਬਾਰੇ ਸਾਰੇ ਮੁੱਦੇ ਉਥੇ ਵਿਚਾਰ ਜਾ ਸਕਦੇ ਹਨ। ਉਸ ਨੇ ਕਿਹਾ ਕਿ ਸੰਧੀ ਬਾਰੇ ਸਾਰੇ ਖ਼ਦਸ਼ਿਆਂ ਦਾ ਹੱਲ ਸਮਝੌਤੇ ਦੀਆਂ ਸ਼ਰਤਾਂ ਤਹਿਤ ਹੀ ਹੋਣਾ ਚਾਹੀਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਿਦੇਸ਼ ਦਫ਼ਤਰ ਦੀ ਤਰਜਮਾਨ ਦੇ ਜਵਾਬ ਤੋਂ ਜਾਪਦਾ ਹੈ ਕਿ ਪਾਕਿਸਤਾਨ ਸਮਝੌਤੇ ‘ਚ ਸੋਧ ਨਹੀਂ ਚਾਹੁੰਦਾ ਹੈ। ਭਾਰਤ ਨੇ ਸਿੰਧ ਜਲ ਸੰਧੀ ‘ਚ ਸੋਧ ਦੀ ਮੰਗ ਕਰਦਿਆਂ ਪਾਕਿਸਤਾਨ ਨੂੰ ਪਿਛਲੇ ਡੇਢ ਸਾਲ ‘ਚ ਦੂਜਾ ਨੋਟਿਸ ਜਾਰੀ ਕੀਤਾ ਹੈ। ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੂੰ ਹਾਲਾਤ ‘ਚ ਬੁਨਿਆਦੀ ਅਤੇ ਅਣਕਿਆਸੇ ਬਦਲਾਅ ਆਉਣ ਕਰ ਕੇ ਸੰਧੀ ਦੀ ਸਮੀਖਿਆ ਅਤੇ ਇਸ ਵਿੱਚ ਸੋਧਾਂ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਨੂੰ ਚਨਾਬ, ਜੇਹਲਮ ਅਤੇ ਸਿੰਧ ਦਰਿਆਵਾਂ ਦਾ ਪਾਣੀ ਮਿਲਦਾ ਹੈ ਜਦਕਿ ਭਾਰਤ ਦਾ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀਆਂ ‘ਤੇ ਪੂਰਾ ਹੱਕ ਹੈ। ਸੰਧੀ ਮੁਤਾਬਕ ਭਾਰਤ ਨੂੰ ਤਿੰਨ ਦਰਿਆਵਾਂ ਦੇ 207.2 ਅਰਬ ਕਿਊਬਕਿ ਮੀਟਰ ਪਾਣੀ ‘ਚੋਂ 20 ਫ਼ੀਸਦੀ ਯਾਨੀ 40.7 ਅਰਬ ਕਿਊਬਿਕ ਮੀਟਰ ਪਾਣੀ ਮਿਲਦਾ ਹੈ, ਜਦਕਿ ਬਾਕੀ ਦਾ 80 ਫ਼ੀਸਦੀ ਪਾਣੀ ਪਾਕਿਸਤਾਨ ਕੋਲ ਜਾਂਦਾ ਹੈ।