#OTHERS

ਸਿਰਿਲਾ ਰਾਮਫੋਸਾ ਮੁੜ ਚੁਣੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ

ਜੌਹੈਨੈੱਸਬਰਗ, 17 ਜੂਨ (ਪੰਜਾਬ ਮੇਲ)- ਦੱਖਣੀ ਅਫਰੀਕਾ ਵਿਚ ਦੋ ਹਫਤੇ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਅਫਰੀਕਨ ਨੈਸ਼ਨਲ ਕਾਂਗਰਸ (ਏ.ਐੱਨ.ਸੀ.) ਨੂੰ ਮਹਿਜ਼ 40 ਫ਼ੀਸਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ ਸਿਰਿਲ ਰਾਮਫੋਸਾ ਨੂੰ ਪੰਜ ਸਾਲ ਦੇ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੁਣ ਲਿਆ ਹੈ। ਰਾਮਫੋਸਾ ਦਾ ਮੁਕਾਬਲਾ ਇਕਨੌਮਿਕ ਫਰੀਡਮ ਫਾਈਟਰਜ਼ਦੀ ਨੇਤਾ ਜੂਲੀਅਸ ਮਾਲੇਮਾ ਨਾਲ ਸੀ। ਇਸ ਤੋਂ ਪਹਿਲਾਂ ਅੱਜ ਏ.ਐੱਨ.ਸੀ. ਦੀ ਥੋਕੋ ਡਿਡਿਜ਼ਾ ਨੂੰ ਸਪੀਕਰ ਅਤੇ ਡੈਮੋਕਰੈਟਿਕ ਅਲਾਇੰਸ (ਡੀ.ਏ.) ਦੀ ਐਨੈਲੀ ਲੋਟਰੀਐਟ ਨੂੰ ਡਿਪਟੀ-ਸਪੀਕਰ ਚੁਣਿਆ ਗਿਆ। ਚੋਣ ਦੌਰਾਨ ਰਾਮਫੋਸਾ ਨੂੰ 283 ਵੋਟਾਂ ਪਈਆਂ, ਜਦਕਿ ਮਾਲੇਮਾ ਨੂੰ ਸਿਰਫ਼ 44 ਵੋਟਾਂ ਮਿਲੀਆਂ। ਰਾਮਫੋਸਾ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕਰ ਸਕਦੇ ਹਨ। ਰਾਮਫੋਸਾ ਸ਼ੁੱਕਰਵਾਰ ਅੱਧੀ ਰਾਤ ਨੂੰ ਰਾਸ਼ਟਰਪਤੀ ਚੁਣੇ ਗਏ, ਜਿਸ ਦੇ ਨਾਲ ਹੀ ਸਾਰੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ 10 ਵਜੇ ਸ਼ੁਰੂ ਹੋਏ ਸੰਸਦ ਦੇ ਸੈਸ਼ਨ ‘ਚ ਕੌਮੀ ਏਕਤਾ ਸਰਕਾਰ (ਜੀ.ਐੱਨ.ਯੂ.) ਦੇ ਗਠਨ, ਵਾਰ-ਵਾਰ ਪੈਂਦੇ ਵਿਘਨ ਅਤੇ ਲੰਮੀ ਵੋਟਿੰਗ ਪ੍ਰਕਿਰਿਆ ਬਾਰੇ ਚਰਚਾ ਹੋਈ।