#PUNJAB

ਸਿਕਸਰ ਕਿੰਗ ਯੁਵਰਾਜ ਸਿੰਘ ‘ਤੇ ਬਣੇਗੀ ਬਾਇਓਪਿਕ; ਹੋਇਆ ਐਲਾਨ

ਚੰਡੀਗੜ੍ਹ, 22 ਅਗਸਤ (ਪੰਜਾਬ ਮੇਲ)- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ‘ਤੇ ਫਿਲਮ ਬਣੇਗੀ। ਯੁਵੀ ਦੀ ਬਾਇਓਪਿਕ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਰਨ ਆਦਰਸ਼ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਫਿਲਮ ਆਲੋਚਕ ਨੇ ਆਪਣੀ ਪੋਸਟ ‘ਚ ਲਿਖਿਆ ਕਿ ਭੂਸ਼ਣ ਕੁਮਾਰ-ਰਵੀ ਭਾਗਚੰਦਕਾ ਇਸ ਬਾਇਓਪਿਕ ਨੂੰ ਪ੍ਰੋਡਿਊਸ ਕਰਨਗੇ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਯੁਵੀ ਦੀ ਬਾਇਓਪਿਕ ‘ਚ ਉਨ੍ਹਾਂ ਦਾ ਕਿਰਦਾਰ ਕਿਹੜਾ ਐਕਟਰ ਨਿਭਾਏਗਾ।
ਦੱਸ ਦੇਈਏ ਕਿ ਯੁਵੀ ਭਾਰਤ ਦੇ ਮਹਾਨ ਕ੍ਰਿਕਟਰਾਂ ਵਿਚੋਂ ਇਕ ਰਹੇ ਹਨ। ਯੁਵੀ ਦੇ ਦਮ ‘ਤੇ ਭਾਰਤ ਨੇ 2011 ‘ਚ ਦੂਜੀ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
ਯੁਵਰਾਜ ਸਿੰਘ ਨੇ ਖੁਦ ਇਕ ਇੰਟਰਵਿਊ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ‘ਤੇ ਬਾਇਓਪਿਕ ਬਣਦੀ ਹੈ, ਤਾਂ ਸਿਧਾਂਤ ਚਤੁਰਵੇਦੀ ਨੂੰ ਉਸ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ ਸਿਧਾਂਤ ਚਤੁਰਵੇਦੀ ਨੂੰ ਯੁਵੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ, ਸਿਧਾਂਤ ਨੇ ਕ੍ਰਿਕਟ ਆਧਾਰਿਤ ਵੈੱਬ ਸੀਰੀਜ਼ ਇਨਸਾਈਡ ਐਜ ਵਿਚ ਕ੍ਰਿਕਟਰ ਦਾ ਕਿਰਦਾਰ ਨਿਭਾਇਆ ਹੈ। ਸਿਧਾਂਤ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦਾ ਪੂਰਾ ਸਰੀਰ ਇਕ ਖਿਡਾਰੀ ਵਰਗਾ ਹੈ, ਇਸ ਲਈ ਹੁਣ ਦੇਖਣਾ ਇਹ ਹੈ ਕਿ ਨਿਰਮਾਤਾ ਯੁਵੀ ਦੀ ਭੂਮਿਕਾ ਲਈ ਕਿਸ ਅਦਾਕਾਰ ਨੂੰ ਚੁਣਦੇ ਹਨ।
ਇਸ ਤੋਂ ਪਹਿਲਾਂ ਐੱਮ.ਐੱਸ.ਧੋਨੀ ‘ਤੇ ਬਾਇਓਪਿਕ ਬਣੀ ਸੀ, ਜਿਸ ਵਿਚ ਧੋਨੀ ਦਾ ਕਿਰਦਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਇਆ ਸੀ। ਸੁਸ਼ਾਂਤ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਧੋਨੀ ਦੀ ਬਾਇਓਪਿਕ ‘ਚ ਸੁਸ਼ਾਂਤ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ‘ਐੱਮ. ਐੱਸ. ਧੋਨੀ-ਦਿ ਅਨਟੋਲਡ ਸਟੋਰੀ’ ਇਕ ਬਲਾਕਬਸਟਰ ਫਿਲਮ ਸਾਬਤ ਹੋਈ।
ਆਪਣੇ ਕਰੀਅਰ ‘ਚ ਯੁਵਰਾਜ ਸਿੰਘ ਨੇ 40 ਟੈਸਟ ਮੈਚ ਖੇਡੇ, ਜਿਸ ‘ਚ ਉਨ੍ਹਾਂ ਦੇ ਨਾਂ 3 ਸੈਂਕੜੇ ਅਤੇ 11 ਅਰਧ ਸੈਂਕੜੇ ਸਨ। ਇਸ ਤੋਂ ਇਲਾਵਾ ਯੁਵੀ ਨੇ 304 ਵਨਡੇ ਮੈਚਾਂ ‘ਚ 8701 ਦੌੜਾਂ ਬਣਾਈਆਂ ਹਨ। ਵਨਡੇ ‘ਚ ਯੁਵੀ ਦੇ ਨਾਂ 14 ਸੈਂਕੜੇ ਅਤੇ 52 ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਟੀ-20 ਇੰਟਰਨੈਸ਼ਨਲ ‘ਚ ਯੁਵੀ ਨੇ 58 ਮੈਚ ਖੇਡਦੇ ਹੋਏ ਕੁਲ 1177 ਦੌੜਾਂ ਬਣਾਈਆਂ।
ਯੁਵੀ ਨੂੰ 2011 ਵਿਸ਼ਵ ਕੱਪ ਦੌਰਾਨ ਕੈਂਸਰ ਹੋ ਗਿਆ ਸੀ। ਕੈਂਸਰ ਤੋਂ ਬਾਅਦ ਵੀ ਯੁਵੀ ਨੇ ਵਿਸ਼ਵ ਕੱਪ ਖੇਡਣਾ ਜਾਰੀ ਰੱਖਿਆ ਅਤੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ। ਯੁਵੀ ਦੇ ਇਸ ਸੰਘਰਸ਼ ਨੇ ਦੇਸ਼ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਸੀ। ਯੁਵਰਾਜ ਸਿੰਘ ਨੂੰ ਵਿਸ਼ਵ ਕੱਪ 2011 ਵਿਚ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਮਿਲਿਆ ਸੀ।
ਯੁਵਰਾਜ ਸਿੰਘ ਦੇ ਕੈਂਸਰ ਦਾ ਇਲਾਜ ਬੋਸਟਨ ਅਤੇ ਇੰਡੀਆਨਾਪੋਲਿਸ ਵਿਚ ਹੋਇਆ ਸੀ। ਮਾਰਚ 2012 ਵਿਚ ਕੀਮੋਥੈਰੇਪੀ ਦੇ ਤੀਜੇ ਅਤੇ ਆਖ਼ਰੀ ਚੱਕਰ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ। ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜਨ ਤੋਂ ਬਾਅਦ ਯੁਵੀ ਨੇ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਕਰਕੇ ਵਿਸ਼ਵ ਕ੍ਰਿਕਟ ਨੂੰ ਹੈਰਾਨ ਕਰ ਦਿੱਤਾ।