ਭਾਜਪਾ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ; ਭਾਜਪਾ ਨੇ ਵਿਜੀਲੈਂਸ ਦੀ ਕਾਰਵਾਈ ਦੇ ਸਮੇਂ ‘ਤੇ ਚੁੱਕੇ ਸਵਾਲ
ਚੰਡੀਗਡ੍ਹ, 4 ਅਗਸਤ (ਪੰਜਾਬ ਮੇਲ)- ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀ ਤੇ ਸਿਆਸਤਦਾਨ ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅਤੇ ਮੁਹਾਲੀ ਤੇ ਖਰੜ ਦਫ਼ਤਰਾਂ ਵਿਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਗਿੱਲ ਦੇ ਘਰ ਤੇ ਦਫ਼ਤਰ ਵਿਚ ਵਿਜੀਲੈਂਸ ਦੇ ਛਾਪੇ ਕਰ ਕੇ ਪੰਜਾਬ ਵਿਚ ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਈਆਂ ਹਨ। ਦੋਵੇਂ ਧਿਰਾਂ ਦੇ ਆਗੂਆਂ ਵੱਲੋਂ ਇਕ-ਦੂਜੇ ‘ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਵੱਲੋਂ ਮੁਹਾਲੀ, ਪਟਿਆਲਾ ਸਣੇ ਸੂਬੇ ਵਿਚ ਹੋਰ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਭਾਜਪਾ ਵੱਲੋਂ ਵਿਜੀਲੈਂਸ ਦੀ ਛਾਪੇ ਦੇ ਸਮੇਂ ‘ਤੇ ਸਵਾਲ ਖੜ੍ਹੇ ਕੀਤੇ ਗਏ। ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ‘ਆਪ’ ਵੱਲੋਂ ਰਣਜੀਤ ਸਿੰਘ ਗਿੱਲ ਦੀ ਰਿਹਾਇਸ਼ ਤੇ ਦਫ਼ਤਰ ‘ਤੇ ਵਿਜੀਲੈਂਸ ਦਾ ਛਾਪਾ ਬਦਲਾਖੋਰੀ ਤਹਿਤ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿੱਲ ਨੇ 18 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸੇ ਦਿਨ ਤੋਂ ‘ਆਪ’ ਵੱਲੋਂ ਉਨ੍ਹਾਂ ‘ਤੇ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਦਬਾਅ ਪਾਇਆ ਜਾ ਰਿਹਾ ਸੀ ਪਰ ਰਣਜੀਤ ਸਿੰਘ ਗਿੱਲ ਨੇ ‘ਆਪ’ ਨੂੰ ਨਕਾਰਦੇ ਹੋਏ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸੇ ਕਰਕੇ ‘ਆਪ’ ਨੇ ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਕੁਝ ਘੰਟੇ ਬਾਅਦ ਹੀ ਉਨ੍ਹਾਂ ਦੇ ਘਰ ਤੇ ਦਫ਼ਤਰ ਵਿਚ ਵਿਜੀਲੈਂਸ ਦੀ ਛਾਪੇਮਾਰੀ ਕਰਵਾਈ ਹੈ। ਸ਼੍ਰੀ ਜੋਸ਼ੀ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਸਣੇ ਦੇਸ਼ ਭਰ ਵਿਚ ਲੋਕ ਹਿੱਤ ‘ਚ ਆਵਾਜ਼ ਚੁੱਕੀ ਜਾ ਰਹੀ ਹੈ। ਇਸ ਲਈ ਸਾਲ 2027 ਵਿਚ ਪੰਜਾਬ ਦੇ ਲੋਕ ਭਾਜਪਾ ਦੇ ਨਾਲ ਖੜ੍ਹੇ ਹੋਣਗੇ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਰਣਜੀਤ ਗਿੱਲ ਦੇ ਭਾਜਪਾ ਵਿਚ ਸ਼ਾਮਲ ਹੋਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਣਜੀਤ ਸਿੰਘ ਗਿੱਲ ਨੂੰ ਰਾਤ ਸਮੇਂ ਪੰਜਾਬ ਦੇ ਆਗੂਆਂ ਦੀ ਥਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੁਆਰਾ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲਾ ਵਿਅਕਤੀ ਕਥਿਤ ਤੌਰ ‘ਤੇ ਉਸੇ ਵਿਜੀਲੈਂਸ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਪਹਿਲਾਂ ਹੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਮਜੀਠੀਆ ਦਾ ਸਮਰਥਨ ਕੀਤਾ ਸੀ। ਹੁਣ ਉਸ ਕੇਸ ਨਾਲ ਜੁੜੇ ਇੱਕ ਹੋਰ ਵਿਅਕਤੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੀ ਮਦਦ ਨਾਲ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਹੈ। ਸ਼੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਡਰੱਗ ਮਾਫੀਆ, ਗੈਂਗਸਟਰਾਂ ਤੇ ਉਨ੍ਹਾਂ ਦੇ ਰਾਜਨੀਤਿਕ ਸਮਰਥਕਾਂ ‘ਤੇ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ।
ਸਿਆਸਤਦਾਨ ਰਣਜੀਤ ਗਿੱਲ ‘ਤੇ ਛਾਪਿਆਂ ਮਗਰੋਂ ਪੰਜਾਬ ‘ਚ ਸਿਆਸਤ ਭਖ਼ੀ
