ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸਿੰਘ ਸਭਾ ਰੈਨਟਨ (ਵਾਸ਼ਿੰਗਟਨ) ਵਿਖੇ ਬਾਬਾ ਬੁੱਢਾ ਜੀ ਸੰਸਥਾ ਵੱਲੋਂ ਬਾਬਾ ਬੁੱਢਾ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਅਤੇ ਬੀਬੀਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਦੇ ਲੰਗਰਾਂ ਦੀ ਸੇਵਾ ਕੀਤੀ। ਭਾਈ ਵਰਿਆਮ ਸਿੰਘ ਅਤੇ ਭਾਈ ਜਰਨੈਲ ਸਿੰਘ ਦੇ ਕੀਰਤਨੀ ਜਥੇ ਨੇ ਬੜੇ ਵਜ਼ਦ ਵਿਚ ਕੀਰਤਨ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਉਪਰੰਤ ਸਿੱਖ ਕੌਮ ਦੇ ਮਹਾਨ ਵਿਦਵਾਨ, ਕਥਾਵਾਚਕ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਬਾਬਾ ਜੀ ਦੇ ਜੀਵਨ ਤੇ ਵਿਦਿਅਕ ਭਰਪੂਰ ਚਾਨਣਾ ਪਾਇਆ। ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਸੰਸਥਾ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਨ ਦੀ ਸੇਵਾ ਗੁਰਦੀਪ ਸਿੰਘ ਸਿੱਧੂ ਨੇ ਬੜੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਭਾਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਬੁੱਢਾ ਜੀ ਸੰਸਥਾ ਵੱਲੋਂ ਭਾਈ ਹਰਪਾਲ ਸਿੰਘ ਕਥਾਵਾਚਕ ਨੂੰ ਅਤੇ ਸੰਸਥਾ ਪ੍ਰਧਾਨ ਸ. ਸੁਰਿੰਦਰ ਪਾਲ ਸਿੰਘ ਤੁੰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਤਿੰਨੇ ਦਿਨ ਲੰਗਰਾਂ ਦੀ ਸੇਵਾ ਸੰਸਥਾ ਵੱਲੋਂ ਨਿਭਾਈ ਗਈ।