-ਮੇਅਰ ਨੇ ਮੰਗੀ ਮੁਆਫੀ
ਸਿਆਟਲ, 19 ਸਤੰਬਰ (ਪੰਜਾਬ ਮੇਲ)- ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਮੈਂਬਰਾਂ ਨੇ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਲਈ ਇਨਸਾਫ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਭੇਜਣ ਦੀ ਮੰਗ ਨੂੰ ਲੈ ਕੇ ਸਿਆਟਲ ‘ਚ ਰੈਲੀ ਕੱਢੀ। ਇਹ ਰੈਲੀ ਉਸੇ ਥਾਂ ‘ਤੇ ਆਯੋਜਿਤ ਕੀਤੀ ਗਈ, ਜਿੱਥੇ ਕੰਡੂਲਾ ਨੂੰ ਪੁਲਿਸ ਦੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸਿਆਟਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ 100 ਤੋਂ ਵੱਧ ਮੈਂਬਰ ਡੇਨੀ ਪਾਰਕ ਵਿਚ ਇਕੱਠੇ ਹੋਏ ਅਤੇ ਉਸ ਚੁਰਸਤੇ ਵੱਲ ਮਾਰਚ ਕੀਤਾ, ਜਿੱਥੇ ਕੰਡੂਲਾ ਨੂੰ ਟੱਕਰ ਵੱਜੀ ਸੀ। ਇਸ ਦੌਰਾਨ ਮੈਂਬਰਾਂ ਨੇ ਹੱਥਾਂ ‘ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ‘ਜਾਹਨਵੀ ਸਿਆਟਲ ਪੁਲਿਸ ਵਿਭਾਗ ਤੋਂ ਵੱਧ ਕੀਮਤੀ ਹੈ’ ਅਤੇ ‘ਜਾਹਨਵੀ ਲਈ ਇਨਸਾਫ, ਕਾਤਲ ਪੁਲਿਸ ਵਾਲੇ ਨੂੰ ਜੇਲ੍ਹ।’ ਰੈਲੀ ਦਾ ਆਯੋਜਨ ਬੋਥੇਲ ਸਥਿਤ ਸੰਗਠਨ ‘ਉਤਸਵ’ ਵਲੋਂ ਕੀਤਾ ਗਿਆ ਸੀ, ਜੋ ਦੱਖਣੀ ਏਸ਼ੀਆਈ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਨਾਲ ਜੋੜਨ ਵਿਚ ਮਦਦ ਕਰਦਾ ਹੈ।
ਉੱਥੇ ਹੀ ਵਿਵਾਦ ਵਧਦਾ ਦੇਖ ਕੇ ਸਿਆਟਲ ਸ਼ਹਿਰ ਦੇ ਮੇਅਰ ਬਰੂਸ ਹੈਰੇਲ ਨੇ ਵਿਦਿਆਰਥਣ ਦੀ ਦੁਖਦਾਈ ਮੌਤ ਲਈ ਮੁਆਫੀ ਮੰਗੀ ਹੈ। ਮੇਅਰ ਦੀ ਮੁਆਫੀ ਸਿਆਟਲ ਖੇਤਰ ਦੇ ਦੱਖਣੀ ਏਸ਼ੀਆਈ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ ਆਈ ਹੈ। ਮੁਆਫੀ ਦੇ ਨਾਲ ਮੇਅਰ ਨੇ ਪੂਰੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਬਿਲਕੁਲ ਮਨਜ਼ੂਰ ਨਹੀਂ ਹੈ। ਮਨੁੱਖੀ ਜੀਵਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨਾਲ ਬੈਠਕ ਵਿਚ ਮੇਅਰ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।