ਸਿਆਟਲ, 12 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ 13ਵਾਂ ਬੱਚਿਆਂ ਦਾ ਖੇਡ ਕੈਂਪ ਅਰਦਾਸ ਕਰਕੇ ਸ਼ੁੱਭ ਆਰੰਭ ਕੀਤਾ ਤੇ ਸ਼ਾਨੋ-ਸ਼ੌਕਤ ਨਾਲ ਸ਼ੁਰੂਆਤ ਹੋਈ। ਪਹਿਲੇ ਦਿਨ ਹੀ 200 ਬੱਚਿਆਂ ਨੇ ਕੈਂਪ ‘ਚ ਹਾਜ਼ਰੀ ਲਗਵਾਈ ਅਤੇ 100 ਤੋਂ ਵੱਧ ਖੇਡ ਪ੍ਰੇਮੀਆਂ ਨੇ ਅਰਦਾਸ ‘ਚ ਸ਼ਾਮਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਸਿਆਟਲ ਦੇ ਕੈਂਟ ਸ਼ਹਿਰ ਦੇ ਵਿਲਸਨ ਪਲੇਅ ਫੀਲਡਜ਼ ‘ਚ ਜੁਲਾਈ ਤੇ ਅਗਸਤ ਮਹੀਨੇ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਕੈਂਪ ਚੱਲੇਗਾ, ਜਿਥੇ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੇ 200 ਬੱਚੇ ਸਰੀਰਕ ਕਸਰਤ ਤੇ ਵੱਖ-ਵੱਖ ਖੇਡਾਂ ਵਿਚ ਕੋਚਿੰਗ ਪ੍ਰਾਪਤ ਕਰਨਗੇ। ਬੱਚਿਆਂ ਤੋਂ ਕੋਈ ਫੀਸ ਨਹੀਂ, ਸਗੋਂ ਦਾਨੀ ਸੱਜਣਾਂ ਵੱਲੋਂ ਬੱਚਿਆਂ ਨੂੰ ਮੁਫਤ ਸਪੋਰਟਸ ਕਿੱਟਾਂ ਅਤੇ ਮੁਫਤ ਰੀਫਰੈਸ਼ਮੈਂਟ ਦੀ ਸੇਵਾ ਕੀਤੀ ਜਾ ਰਹੀ ਹੈ। ਬੱਚਿਆਂ ਤੇ ਮਾਪਿਆਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ ਪਿਛਲੇ 12 ਸਾਲ ਤੋਂ ਲਗਾਇਆ ਜਾ ਰਿਹਾ ਹੈ, ਜਿੱਥੇ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਤੰਦਰੁਸਤ ਮਨੋਰੰਜਨ ਦੇ ਕੇ ਸਰੀਰਕ ਫਿਟਨੈੱਸ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਕੈਂਪ ਦੌਰਾਨ ਕੋਚਿੰਗ ਤੇ ਟ੍ਰੇਨਿੰਗ ਸੇਵਾ ਦੇ ਰੂਪ ਵਿਚ ਕੀਤੀ ਜਾਂਦੀ ਹੈ।