ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਸਾਲ 2016 ਤੋਂ 2022 ਦਰਮਿਆਨ ਬੱਚਿਆਂ ਨਾਲ ਸ਼ੋਸ਼ਨ ਦੇ ਮਾਮਲੇ 96 ਫੀਸਦੀ ਵਧੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਆਧਾਰ ‘ਤੇ ਬਾਲ ਅਧਿਕਾਰਾਂ ਨਾਲ ਸਬੰਧਤ ਇਕ ਗੈਰ-ਸਰਕਾਰੀ ਸੰਸਥਾ (ਐੱਨ.ਜੀ.ਓ.) ‘ਸੀ.ਆਰ.ਵਾਈ.’ ਨੇ ਇਹ ਦਾਅਵਾ ਕੀਤਾ ਹੈ।
ਇਸ ਵਾਧੇ ਦੇ ਸੰਭਾਵਿਤ ਕਾਰਨਾਂ ‘ਤੇ ਚਰਚਾ ਕਰਦੇ ਹੋਏ ‘ਚਾਈਲਡ ਰਾਈਟਸ ਐਂਡ ਯੂ’ (ਸੀ.ਆਰ.ਵਾਈ.) ਵਿਖੇ ਖੋਜ ਅਤੇ ਗਿਆਨ ਵਟਾਂਦਰੇ ਦੇ ਡਾਇਰੈਕਟਰ ਸ਼ੁਭੇਂਦੂ ਨੇ ਕਿਹਾ ਕਿ ਬਿਹਤਰ ਜਨਤਕ ਜਾਗਰੂਕਤਾ ਕਾਰਨ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੇ ਵੱਧ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਮਰਪਿਤ ਹੈਲਪਲਾਈਨ, ਆਨਲਾਈਨ ਪੋਰਟਲ ਅਤੇ ਵਿਸ਼ੇਸ਼ ਏਜੰਸੀਆਂ ਰਾਹੀਂ ਪਹੁੰਚ ਵਧਣ ਨਾਲ ਸ਼ਿਕਾਇਤਾਂ ਦਾਇਰ ਕਰਨ ਦੀ ਪ੍ਰਣਾਲੀ ਵਿਚ ਵਧੇ ਹੋਏ ਭਰੋਸੇ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜਿਹੇ ਮਾਮਲਿਆਂ ਵਿਚ ਅੱਗੇ ਆਉਣ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ।
ਸੀ.ਆਰ.ਵਾਈ. ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਾਲ 2020 ਨੂੰ ਛੱਡ ਕੇ, 2016 ਤੋਂ ਬਾਅਦ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਇਕੱਲੇ 2021 ਤੋਂ 2022 ਦਰਮਿਆਨ ਅਜਿਹੇ ਮਾਮਲਿਆਂ ਵਿਚ 6.9 ਫੀਸਦੀ ਦਾ ਵਾਧਾ ਹੋਇਆ ਹੈ।