ਟੋਰਾਂਟੋ, 10 ਮਾਰਚ (ਪੰਜਾਬ ਮੇਲ)- ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ (Mark Carney) ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਲਿਬਰਲ ਪਾਰਟੀ ਨੇ ਕਾਰਨੇ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਹੈ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ (ਟੈਕਸ) ਜੰਗ ਤੇ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।
ਕਾਰਨੇ (59) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਇਸ ਸਾਲ ਜਨਵਰੀ ਵਿਚ ਅਸਤੀਫਾ ਦੇ ਦਿੱਤਾ ਸੀ। ਟਰੂਡੋ ਨੇ ਉਦੋਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਜਾਨਸ਼ੀਨ ਵੱਲੋਂ ਸਹੁੰ ਚੁੱਕੇ ਜਾਣ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਕਾਰਨੇ ਨੇ ਬੈਂਕ ਆਫ਼ ਕੈਨੇਡਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਸੰਕਟਾਂ ਦਾ ਸਾਹਮਣਾ ਕੀਤਾ ਸੀ। ਉਹ 2013 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਚਲਾਉਣ ਵਾਲੇ ਪਹਿਲੇ ਗੈਰ-ਨਾਗਰਿਕ ਬਣੇ ਸਨ।