#INDIA

ਸਾਬਕਾ ਵਿਧਾਇਕ ਸਣੇ ਦੋ ਕਾਂਗਰਸੀ ਆਗੂ ਭਾਜਪਾ ‘ਚ ਹੋਣਗੇ ਸ਼ਾਮਲ

-ਕਾਂਗਰਸ ਵਿਚਲੀ ਅੰਦਰੂਨੀ ਖਿੱਚੋਤਾਣ ਤੇ ਸੰਗਠਨਾਤਮਕ ਢਾਂਚੇ ਦੀ ਅਣਹੋਂਦ ਕਰਕੇ ਪਾਰਟੀ ਛੱਡਣ ਲਈ ਮਜਬੂਰ ਹੋਏ
ਕਰਨਾਲ, 24 ਫਰਵਰੀ (ਪੰਜਾਬ ਮੇਲ)- ਸਾਬਕਾ ਵਿਧਾਇਕ ਨਰੇਂਦਰ ਸਾਂਗਵਾਨ ਤੇ ਕਾਂਗਰਸ ਦੇ ਜ਼ਿਲ੍ਹਾ ਤਰਜਮਾਨ ਸਤੀਸ਼ ਰਾਣਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਹੈ। ਦੋਵਾਂ ਆਗੂਆਂ ਦੇ ਜਲਦੀ ਭਾਜਪਾ ਵਿਚ ਸ਼ਾਮਲ ਹੋਣ ਦੇ ਚਰਚੇ ਹਨ। ਸਾਂਗਵਾਨ ਜਿੱਥੇ ਮੰਗਲਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਗਵਾ ਪਾਰਟੀ ਵਿਚ ਸ਼ਾਮਲ ਹੋਣਗੇ, ਉਥੇ ਰਾਣਾ ਵੀ ਅਗਲੇ ਦਿਨਾਂ ‘ਚ ਭਾਜਪਾ ਦੀ ਸ਼ਰਣ ਵਿਚ ਜਾ ਸਕਦੇ ਹਨ। ਸਾਂਗਵਾਨ 2009 ਵਿਚ ਘਰੌਂਦਾ ਅਸੈਂਬਲੀ ਹਲਕੇ ਤੋਂ ਇਨੈਲੋ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ। ਹਾਲਾਂਕਿ 2019 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਇਨੈਲੋ ਛੱਡ ਦਿੱਤੀ ਸੀ।
ਉਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਏ ਸਨ। ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿਚ ਅੰਦਰੂਨੀ ਲੜਾਈ ਤੇ ਸੰਗਠਨਾਤਮਕ ਢਾਂਚੇ ਦੀ ਅਣਹੋਂਦ ਕਰਕੇ ਕਾਂਗਰਸ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਹੈਰਾਨ ਹਾਂ ਕਿ ਕਾਂਗਰਸ ਸੰਗਠਨਾਤਮਕ ਢਾਂਚਾ ਨਹੀਂ ਬਣਾ ਸਕੀ ਅਤੇ ਪਾਰਟੀ ਅੰਦਰਲੇ ਝਗੜੇ ਨੂੰ ਹੱਲ ਕਰਨ ਵਿਚ ਅਸਫਲ ਰਹੀ। ਆਗੂਆਂ ਤੇ ਪਾਰਟੀ ਵਰਕਰਾਂ ਵਿਚਾਲੇ ਕੋਈ ਤਾਲਮੇਲ ਨਹੀਂ ਹੈ। ਮੈਂ ਕਾਂਗਰਸ ਛੱਡ ਦਿੱਤੀ ਹੈ ਅਤੇ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋਵਾਂਗਾ।”
ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਨੂੰ 2019 ਤੇ 2024 ਦੀਆਂ ਅਸੈਂਬਲੀ ਚੋਣਾਂ ਵਿਚ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ।” ਇਸੇ ਤਰ੍ਹਾਂ ਰਾਣਾ ਨੇ ਵੀ ਪਾਰਟੀ ਵਿਚ ਵਰਕਰਾਂ ਦੀ ਪੁੱਛ ਪ੍ਰਤੀਤ ਨਾ ਹੋਣ, ਸੰਗਠਨਾਤਮਕ ਢਾਂਚੇ ਦੀ ਅਣਹੋਂਦ ਅਤੇ ਪਾਰਟੀ ਵਿਚ ਅੰਦਰੂਨੀ ਖਿੱਚੋਤਾਣ ਨੂੰ ਜ਼ਿੰਮੇਵਾਰ ਠਹਿਰਾਇਆ। ਰਾਣਾ ਨੇ ਕਿਹਾ, ”ਮੈਂ 2008 ਤੋਂ 2022 ਤੱਕ ਭਾਜਪਾ ਵਿੱਚ ਸੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਈ। ਮੈਂ 2022 ਵਿਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਇਆ ਸੀ। ਮੈਂ ਕਾਂਗਰਸ ਛੱਡ ਦਿੱਤੀ ਹੈ ਅਤੇ ਕੁਝ ਦਿਨਾਂ ਬਾਅਦ ਭਾਜਪਾ ਵਿਚ ਸ਼ਾਮਲ ਹੋਵਾਂਗਾ।”
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੂਆਂ ਜਿਨ੍ਹਾਂ ਵਿਚ ਹਰਿਆਣਾ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਸ਼ੋਕ ਖੁਰਾਨਾ, ਨੀਟੂ ਮਾਨ, ਪਰਵੇਸ਼ ਗਾਬਾ, ਸ਼ਿਵ ਕੁਮਾਰ ਸ਼ਰਮਾ ਅਤੇ ਹੋਰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿਚੋਂ ਕੁਝ ਆਗੂ ਪਾਰਟੀ ਵੱਲੋਂ ਕਰਨਾਲ ਸੀਟ ਤੋਂ ਮਨੋਜ ਵਧਵਾ ਨੂੰ ਮੇਅਰ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰੇ ਜਾਣ ਕਰਕੇ ਨਾਰਾਜ਼ ਸਨ।