ਲੁਧਿਆਣਾ/ਪਟਿਆਲਾ, 23 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਦੀ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ। ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਉਨ੍ਹਾਂ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਘਰ ਜਾ ਰਿਹਾ ਹਾਂ ਅਤੇ ਆਪਣੇ ਪਰਿਵਾਰ ਨੂੰ ਮਿਲਣ ਮਗਰੋਂ ਕਈ ਵੱਡੇ ਖ਼ੁਲਾਸੇ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ 4 ਮਹੀਨਿਆਂ ਤੋਂ ਨਾਭਾ ਜੇਲ੍ਹ ਵਿਚ ਟੈਂਡਰ ਘਪਲੇ ਮਾਮਲੇ ਅਧੀਨ ਬੰਦ ਸਨ, ਜਿਨ੍ਹਾਂ ਨੂੰ ਪਿਛਲੇ ਦਿਨੀਂ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਸੀ। ਹਾਈਕੋਰਟ ਤੋਂ ਬਰੀ ਹੋਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਖੇ ਆਪਣੇ ਘਰ ਪਹੁੰਚੇ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਵੇਲੇ ਖੁਰਾਕ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ‘ਤੇ ਟੈਂਡਰ ‘ਚ ਘਪਲਾ ਕਰਨ ਦੇ ਵੱਡੇ ਦੋਸ਼ ਲੱਗੇ ਸਨ। ਵਿਜੀਲੈਂਸ ਵੱਲੋਂ ਵੀ ਪਹਿਲਾਂ ਉਨ੍ਹਾਂ ‘ਤੇ ਕੇਸ ਚਲਾਇਆ ਗਿਆ ਸੀ। ਇਸ ਤੋਂ ਪਹਿਲਾਂ ਸਾਲ 2022 ‘ਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਅਨਾਜ ਟਰਾਂਸਪੋਰਟ ਟੈਂਡਰ ਘਪਲੇ ‘ਚ ਕੁਝ ਚੁਣੇ ਹੋਏ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਪਤਨੀ ਮਮਤਾ ਆਸ਼ੂ ਭਾਵੇਂ ਨਿਗਮ ਕੌਂਸਲਰ ਦੀ ਚੋਣ ਹਾਰ ਗਏ ਹਨ ਪਰ ਆਸ਼ੂ ਦੇ ਜੇਲ੍ਹ ਵਿਚੋਂ ਵਾਪਸ ਘਰ ਆਉਣ ‘ਤੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਘਰ ਪਹੁੰਚਣ ‘ਤੇ ਆਸ਼ੂ ‘ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ।