#PUNJAB

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ; ਜੇਲ੍ਹ ‘ਚ ਬੰਦ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 14 ਅਗਸਤ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਮਾਮਲੇ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਲੋਂ ਜ਼ਮਾਨਤ ਦਿੱਤੀ ਗਈ ਹੈ। ਗੁਰਮੀਤ ਸਿੰਘ ਬੀਤੇ ਕਈ ਸਾਲਾਂ ਤੋਂ ਸਲਾਖ਼ਾਂ ਪਿੱਛੇ ਹੈ। ਗੁਰਮੀਤ ਸਿੰਘ ਦੇ ਵਕੀਲ ਰਵਿੰਦਰ ਸਿੰਘ ਵਾਸੀ ਨੇ ਦਾਇਰ ਜ਼ਮਾਨਤ ਅਰਜ਼ੀ ‘ਚ ਕਿਹਾ ਸੀ ਕਿ ਗੁਰਮੀਤ ਦੀ ਪ੍ਰੀ-ਮੈਚਿਓਰ ਰਿਲੀਜ਼ਨ ਦੀ ਅਰਜ਼ੀ ‘ਤੇ ਫ਼ੈਸਲਾ ਨਾ ਹੋਣ ਤੱਕ ਉਨ੍ਹਾਂ ਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਵੇ।
ਦਾਇਰ ਜ਼ਮਾਨਤ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਨਵਰੀ, 2023 ਦੇ ਇਕ ਫ਼ੈਸਲੇ ‘ਤੇ ਆਧਾਰਿਤ ਸੀ। ਵਕੀਲ ਰਵਿੰਦਰ ਸਿੰਘ ਅਨੁਸਾਰ ਮੰਗਲਵਾਰ ਨੂੰ ਜ਼ਮਾਨਤ ਬਾਂਡ ਦੀ ਕਾਰਵਾਈ ਪੂਰੀ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਗੁਰਮੀਤ ਨੂੰ ਪੈਰੋਲ ਵੀ ਮਿਲੀ ਸੀ। ਹਾਲਾਂਕਿ ਸਮੇਂ ‘ਤੇ ਆਤਮ-ਸਮਰਪਣ ਨਾ ਕਰਨ ‘ਤੇ ਗੁਰਮੀਤ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਸ ਨੇ ਆਤਮ-ਸਮਰਪਣ ਕਰ ਦਿੱਤਾ ਸੀ।
ਗੁਰਮੀਤ ਸਿੰਘ 1995 ਤੋਂ ਸਲਾਖ਼ਾਂ ਪਿੱਛੇ ਆਪਣੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਜੁਲਾਈ 2007 ਵਿਚ ਬੇਅੰਤ ਸਿੰਘ ਕਤਲ ਕੇਸ ਵਿਚ ਬੰਦੀ ਸਿੰਘ ਗੁਰਮੀਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਆਪਣੀ ਪ੍ਰੀ-ਮੈਚਿਓਰ ਰਿਹਾਈ ਲਈ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸੇ ਤਰ੍ਹਾਂ ਦੀ ਅਰਜ਼ੀ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਨੇ ਵੀ ਦਾਇਰ ਕੀਤੀ ਸੀ। ਉਹ ਵੀ ਪਹਿਲਾਂ ਪੈਰੋਲ ‘ਤੇ ਰਿਹਾਅ ਹੋ ਚੁੱਕਾ ਹੈ। ਇਸ ਸਮੇਂ ਉਹ ਜੇਲ੍ਹ ਵਿਚ ਹੈ।