ਲਾਹੌਰ, 9 ਨਵੰਬਰ (ਪੰਜਾਬ ਮੇਲ)-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ 62 ਵਰਕਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ‘ਤੇ ਮਈ ਵਿਚ ਫ਼ੌਜੀ ਟਿਕਾਣਿਆਂ ਉਪਰ ਹਮਲੇ ਕਰਨ ਦਾ ਦੋਸ਼ ਹੈ। ਪਾਕਿਸਤਾਨ ਵਿਚ ਆਮ ਚੋਣਾਂ ਦੇ ਐਲਾਨ ਮਗਰੋਂ ਦੇਸ਼ ਵਿਚ ਪੀ. ਟੀ. ਆਈ. ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕਾਰਵਾਈ ਤੇਜ਼ ਹੋ ਗਈ ਹੈ। ਪਾਰਟੀ ਮੁਤਾਬਕ ਹੁਣ ਤੱਕ 10 ਹਜ਼ਾਰ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਲਾਹੌਰ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਿਸ ਨੇ 9 ਮਈ ਨੂੰ ਲਾਹੌਰ ਕੋਰ ਕਮਾਂਡਰ ਦੇ ਘਰ ‘ਤੇ ਹਮਲੇ ਅਤੇ ਇਕ ਪਲਾਜ਼ਾ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੀ. ਟੀ. ਆਈ. ਦੇ 62 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪੀ. ਟੀ. ਆਈ. ਦੇ ਮੁਖੀ ਚੌਧਰੀ ਪਰਵੇਜ਼ ਇਲਾਹੀ ਦੀ ਰਿਹਾਇਸ਼ ‘ਤੇ ਛਾਪਾ ਮਾਰ ਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਾਬਕਾ ਕਾਨੂੰਨਸਾਜ਼ ਮੇਜਰ (ਰਿਟਾਇਰਡ) ਤਾਹਿਰ ਸਾਦਿਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਇਲਾਹੀ ਪਹਿਲਾਂ ਹੀ ਜੇਲ੍ਹ ‘ਚ ਬੰਦ ਹਨ।