ਕਰਾਚੀ, 8 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਦੀਆਂ ਆਖ਼ਰੀ ਰਸਮਾਂ ਕਰਾਚੀ ਵਿਚ ਕੀਤੀਆਂ ਗਈਆਂ। ਸਾਬਕਾ ਰਾਸ਼ਟਰਪਤੀ ਦੀ ਦੇਹ ਨੂੰ ਯੂ.ਏ.ਈ. ਵੱਲੋਂ ਮੁਹੱਈਆ ਕਰਵਾਏ ਗਏ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ। ਮੁਸ਼ੱਰਫ਼ ਦੀ ਪਤਨੀ ਸਬਾ, ਪੁੱਤਰ ਬਿਲਾਲ ਤੇ ਹੋਰ ਕਰੀਬੀ ਰਿਸ਼ਤੇਦਾਰ ਮ੍ਰਿਤਕ ਦੇਹ ਦੇ ਨਾਲ ਦੁਬਈ ਤੋਂ ਕਰਾਚੀ ਆਏ। ਦੇਹ ਨੂੰ ਬਾਅਦ ਦੁਪਹਿਰ ਮਲੀਰ ਕੈਂਟ ਦੀ ਗੁਲਮੋਹਰ ਪੋਲੋ ਗਰਾਊਂਡ ਵਿਚ ਰੱਖਿਆ ਗਿਆ, ਜਿੱਥੇ ਦੁਆ ਕੀਤੀ ਗਈ। ਸਾਬਕਾ ਫ਼ੌਜ ਮੁਖੀ ਤੇ ਰਾਸ਼ਟਰਪਤੀ ਦੀ ਦੇਹ ਨੂੰ ਫ਼ੌਜੀ ਕਬਰਿਸਤਾਨ ‘ਚ ਦਫ਼ਨਾਇਆ ਗਿਆ। ਇਸ ਮੌਕੇ ਕਈ ਵਰਤਮਾਨ ਤੇ ਸੇਵਾਮੁਕਤ ਫ਼ੌਜੀ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜਰਨਲ ਮੁਸ਼ੱਰਫ਼ ਦੀ ਐਤਵਾਰ ਨੂੰ ਦੁਬਈ ‘ਚ ਲੰਮੀ ਬੀਮਾਰੀ ਮਗਰੋਂ ਮੌਤ ਹੋ ਗਈ ਸੀ। ਸਵੈ-ਜਲਾਵਤਨ ਹੋਣ ਤੋਂ ਬਾਅਦ ਮੁਸ਼ੱਰਫ਼ ਕਈ ਸਾਲਾਂ ਤੋਂ ਦੁਬਈ ਵਿਚ ਹੀ ਰਹਿ ਰਹੇ ਸਨ।