-ਮਿਲ ਸਕਦੀ ਹੈ ਲੋਕ ਸਭਾ ਟਿਕਟ
ਲੁਧਿਆਣਾ, 11 ਮਾਰਚ (ਪੰਜਾਬ ਮੇਲ)- ਵਿਧਾਨ ਸਭਾ ਚੋਣ ਦੀ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਨੇਤਾਵਾਂ ਦੇ ਪਾਰਟੀਆਂ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਵੇਂ ਪੰਜਾਬ ‘ਚ ਇਹ ਮੁਹਿੰਮ ਹੁਣ ਤੱਕ ਭਾਜਪਾ ਵੱਲੋਂ ਚਲਾਈ ਜਾ ਰਹੀ ਸੀ ਪਰ ਹਾਲ ਹੀ ‘ਚ ਪਾਲਾ ਬਦਲਣ ਵਾਲੇ ਨੇਤਾਵਾਂ ਦੀ ਕਮਾਨ ਇਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਸੰਭਾਲ ਲਈ ਹੈ, ਜਿਸ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਤੋਂ ਅਕਾਲੀ ਦਲ ਦੇ ਨੇਤਾ ਹਰਪਾਲ ਜੁਨੇਜਾ ਨੂੰ ਸ਼ਾਮਲ ਕਰ ਕੇ ਕੀਤਾ ਗਿਆ ਸੀ ਅਤੇ ਹੁਣ ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ‘ਆਪ’ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ‘ਚ ਕਾਂਗਰਸ ਦੇ ਕੁਝ ਹੋਰ ਸਾਬਕਾ ਵਿਧਾਇਕ ਅਤੇ ਮੰਤਰੀ ਵੀ ‘ਆਪ’ ‘ਚ ਸ਼ਾਮਲ ਹੋ ਸਕਦੇ ਹਨ।
ਇਹ ਨੇਤਾ ਪਾਰਟੀ ‘ਚ ਅਣਦੇਖੀ ਜਾਂ ਆਪਸੀ ਲੜਾਈ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਆਗਾਮੀ ਲੋਕ ਸਭਾ ਚੋਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ‘ਚ ਆਪਣਾ ਸਿਆਸੀ ਭਵਿੱਖ ਨਜ਼ਰ ਆ ਰਿਹਾ ਹੈ। ਇਸ ਦੀ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ ਲੋਕ ਸਭਾ ਦੀ ਉਪ ਚੋਣ ਤੋਂ ਬਚਣ ਲਈ ‘ਆਪ’ ਆਪਣੇ ਕਿਸੇ ਵਿਧਾਇਕ ਜਾਂ ਮੰਤਰੀ ਨੂੰ ਟਿਕਟ ਦੇਣ ਦੀ ਬਜਾਏ ਲੋਕ ਸਭਾ ਚੋਣ ਲੜਨ ਲਈ ਮਜ਼ਬੂਤ ਆਧਾਰ ਵਾਲੇ ਨਵੇਂ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ ਵੱਲੋਂ ਜਲੰਧਰ ਲੋਕ ਸਭਾ ਸੀਟ ‘ਤੇ ਹੋਈ ਉਪ ਚੋਣ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਸ਼ਾਮਲ ਕਰਕੇ ਟਿਕਟ ਦਿੱਤੀ ਗਈ ਸੀ।
ਆਮ ਆਮੀ ਪਾਰਟੀ ਵੱਲੋਂ ਬੱਸੀ ਪਠਾਣਾ ਤੋਂ ਕਾਂਗਰਸ ਦੇ ਜਿਸ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਸ਼ਾਮਲ ਕੀਤਾ ਗਿਆ ਹੈ, ਉਸ ਨੂੰ ਲੋਕ ਸਭਾ ਚੋਣ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਜਿੱਥੇ ਜੀ.ਪੀ. ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋ ਸਕਦਾ ਹੈ ਕਿਉਂਕਿ ਚੰਨੀ ਭਾਵੇਂ ਜਲੰਧਰ ਤੋਂ ਟਿਕਟ ਮੰਗ ਰਹੇ ਹਨ ਪਰ ਪਾਰਟੀ ਉਨ੍ਹਾਂ ਨੂੰ ਪੁਰਾਣੇ ਏਰੀਆ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਸਕਦੀ ਹੈ। ਇਸ ਤੋਂ ਪਹਿਲਾਂ ਚੰਨੀ ਦੇ ਭਰਾ ਸਰਕਾਰੀ ਨੌਕਰੀ ਛੱਡ ਕੇ ਜੀ.ਪੀ. ਖਿਲਾਫ ਆਜ਼ਾਦ ਚੋਣ ਲੜ ਚੁੱਕੇ ਹਨ ਅਤੇ ਉਸ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਛੱਤੀ ਦਾ ਅੰਕੜਾ ਚੱਲ ਰਿਹਾ ਹੈ।