ਦੁਬਈ ਨਾਲ ਵੀ ਜੁੜੀਆਂ ਗਰੋਹ ਦੀਆਂ ਤਾਰਾਂ
ਪਟਿਆਲਾ, 2 ਜਨਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਗਰੋਹ ਦੀਆਂ ਤਾਰਾਂ ਦੁਬਈ ਨਾਲ ਜੁੜੀਆਂ ਹੋਈਆਂ ਹਨ। ਇਸ ਧੰਦੇ ਦਾ ਨੈੱਟਵਰਕ ਮੁੱਖ ਰੂਪ ‘ਚ ਦੁਬਈ ਤੋਂ ਚਲਾਇਆ ਜਾਂਦਾ ਸੀ। ਉਂਜ ਪੁਲਿਸ ਨੇ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਹੈ ਤੇ ਇਹ ਮਹਾਰਾਸ਼ਟਰ ਸੂਬੇ ਨਾਲ ਹੀ ਸਬੰਧਤ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਕੁਲਦੀਪ ਚਾਹਲ ਦੱਸਿਆ ਕਿ ਲੋੜੀਂਦੀ ਕਾਨੂੰਨੀ ਕਾਰਵਾਈ ਕਰਕੇ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਪੰਜਾਬ ਪੁਲਿਸ ਪਟਿਆਲਾ ਲੈ ਕੇ ਆਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੱਕ ਪਹੁੰਚਣ ਲਈ ਐੱਸ.ਐੱਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਪਟਿਆਲਾ ਪੁਲਿਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਆਈ.ਜੀ. ਕੁਲਦੀਪ ਚਾਹਲ ਨੇ ਦੱਸਿਆ ਕਿ ਗਰੋਹ ਦੇ 50 ਬੈਂਕ ਖਾਤੇ ਸੀਜ਼ ਕਰਵਾ ਕੇ 3.50 ਕਰੋੜ ਰੁਪਏ ਰੁਕਵਾ ਵੀ ਲਏ ਗਏ ਹਨ, ਜੋ ਪੀੜਤ ਨੂੰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲ਼ੋਂ ਮੋਬਾਈਲ ਫੋਨਾਂ ਦੇ 600 ਸਿਮ ਕਾਰਡ ਵੀ ਮਿਲੇ ਹਨ, ਜਿਸ ਤਹਿਤ ਹੀ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ। ਆਈ.ਜੀ. ਨੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲੈਣ ਦੀ ਆਸ ਵੀ ਜਤਾਈ।
ਜ਼ਿਕਰਯੋਗ ਹੈ ਕਿ ਇਸ ਗਰੋਹ ਨੇ ਸ਼ੇਅਰ ਮਾਰਕੀਟ ‘ਚ ਫੰਡ ਲਵਾਉਣ ਦਾ ਝਾਂਸਾ ਦੇ ਕੇ ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਠੱਗੀ ਮਾਰ ਲਈ ਸੀ, ਜਿਸ ‘ਚੋਂ 7 ਕਰੋੜ ਰੁਪਏ ਚਾਹਲ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸਨ, ਜਦਕਿ ਬਾਕੀ ਉਸ ਨੇ ਆਪਣੇ ਕੋਲ਼ੋਂ ਲਾਏ ਪਰ ਜਦੋਂ ਸਪੱਸ਼ਟ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ, ਤਾਂ ਚਾਹਲ ਨੇ ਆਪਣੀ ਇਥੇ ਅਰਬਨ ਅਸਟੇਟ ‘ਚ ਸਥਿਤ ਕੋਠੀ ‘ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਗੋਲ਼ੀ ਮਾਰ ਲਈ ਸੀ, ਇਸ ਦੇ ਬਾਵਜੂਦ ਉਹ ਬਚ ਗਏ।
ਸਾਬਕਾ ਆਈ.ਜੀ. ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਮਹਾਰਾਸ਼ਟਰ ‘ਚੋਂ ਗ੍ਰਿਫ਼ਤਾਰ

